'ਬਹੁਰਾਣੀ' ਅਤੇ 'ਛੋਟੀ ਨੂੰਹ': ਮੇਨਕਾ ਗਾਂਧੀ ਨਾਲ ਆਪਣੇ ਰਿਸ਼ਤੇ ਬਾਰੇ ਸੋਨੀਆ ਨੇ ਕਿਤਾਬ ਵਿੱਚ ਕੀ ਲਿਖਿਆ?

ਸੋਨੀਆ ਗਾਂਧੀ
ਤਸਵੀਰ ਕੈਪਸ਼ਨ, ਸੋਨੀਆ ਗਾਂਧੀ ਲਿਖਦੇ ਹਨ ਕਿ ਸ਼ੁਰੂ ਵਿੱਚ ਘਰ ਵਿੱਚ ਇੱਕ ਨੌਜਵਾਨ ਦਰਾਣੀ ਦਾ ਆਉਣਾ ਉਨ੍ਹਾਂ ਨੂੰ ਚੰਗਾ ਲੱਗਿਆ ਸੀ। ਪਰ ਹੌਲੀ-ਹੌਲੀ ਦੋਵਾਂ ਦੇ ਰਿਸ਼ਤੇ ਅਤੇ ਘਰ ਦਾ ਮਾਹੌਲ ਬਦਲਣ ਲੱਗਾ।
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਕਦੇ ਮੇਨਕਾ ਗਾਂਧੀ ਦਾ ਹਾਸਾ ਸੁਣ ਕੇ ਸੋਨੀਆ ਗਾਂਧੀ ਉਨ੍ਹਾਂ ਕੋਲ ਚਲੀ ਜਾਂਦੇ ਸਨ। ਉਹ ਪੁੱਛਦੇ ਕਿ ਇੰਨਾ ਹਾਸਾ ਕਿਸ ਗੱਲ 'ਤੇ ਆ ਰਿਹਾ ਹੈ। ਫਿਰ ਉੱਥੇ ਹੀ ਬੈਠ ਕੇ ਮੇਨਕਾ ਦੀਆਂ ਸਹੇਲੀਆਂ ਜਾਂ ਉਨ੍ਹਾਂ ਵੱਲੋਂ ਪੜ੍ਹੀ ਜਾ ਰਹੀ ਕਿਸੇ ਕਿਤਾਬ ਬਾਰੇ ਗੱਲਾਂ ਸੁਣਨ ਲੱਗਦੇ।

ਸੋਨੀਆ ਦੀ ਧੀ ਪ੍ਰਿਯੰਕਾ ਵੀ ਅਕਸਰ ਆਪਣੀ ਚਾਚੀ ਮੇਨਕਾ ਦੇ ਕਮਰੇ ਵਿੱਚ ਬੈਠੀ ਉਨ੍ਹਾਂ ਦੀਆਂ ਕਹਾਣੀਆਂ ਸੁਣਦੀ ਮਿਲਦੀ ਸੀ। ਇਹ ਉਸ ਦੌਰ ਦੀਆਂ ਯਾਦਾਂ ਹਨ, ਜਦੋਂ ਮੇਨਕਾ ਦਾ ਵਿਆਹ ਸੰਜੇ ਗਾਂਧੀ ਨਾਲ ਹੋਇਆ ਸੀ ਅਤੇ ਉਹ ਗਾਂਧੀ ਪਰਿਵਾਰ ਦੀ 'ਛੋਟੀ ਨੂੰਹ' ਬਣ ਕੇ ਘਰ ਆਈ ਸੀ।

ਸੋਨੀਆ ਗਾਂਧੀ ਲਿਖਦੇ ਹਨ ਕਿ ਸ਼ੁਰੂ ਵਿੱਚ ਘਰ ਵਿੱਚ ਇੱਕ ਨੌਜਵਾਨ ਦਰਾਣੀ ਦਾ ਆਉਣਾ ਉਨ੍ਹਾਂ ਨੂੰ ਚੰਗਾ ਲੱਗਿਆ ਸੀ। ਪਰ ਹੌਲੀ-ਹੌਲੀ ਦੋਵਾਂ ਦੇ ਰਿਸ਼ਤੇ ਅਤੇ ਘਰ ਦਾ ਮਾਹੌਲ ਬਦਲਣ ਲੱਗਾ।

ਸੋਨੀਆ ਨੇ ਆਪਣੀ ਕਿਤਾਬ 'ਬਿਲੌਂਗਿੰਗ: ਏ ਜਰਨੀ ਆਫ਼ ਲਵ' ਵਿੱਚ ਮੇਨਕਾ ਨਾਲ ਆਪਣੇ ਰਿਸ਼ਤੇ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਉਨ੍ਹਾਂ ਦੇ ਘਰ ਛੱਡਣ ਤੱਕ ਦੀਆਂ ਘਟਨਾਵਾਂ ਨੂੰ ਯਾਦ ਕੀਤਾ ਹੈ।

ਹਾਰਪਰਕੌਲਿਨਜ਼ ਇੰਡੀਆ ਨੇ 526 ਸਫ਼ਿਆਂ ਦੀ ਇਹ ਕਿਤਾਬ 10 ਨਵੰਬਰ ਨੂੰ ਭਾਰਤ ਵਿੱਚ ਪ੍ਰਕਾਸ਼ਿਤ ਕੀਤੀ ਹੈ।

ਜਦੋਂ ਘਰ 'ਛੋਟੀ ਨੂੰਹ' ਆਈ

ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ
ਤਸਵੀਰ ਕੈਪਸ਼ਨ, ਪ੍ਰਿਯੰਕਾ ਗਾਂਧੀ ਵੀ ਆਪਣੀ ਚਾਚੀ ਨਾਲ ਕਾਫ਼ੀ ਘੁਲ-ਮਿਲ ਗਈ ਸੀ। ਸੋਨੀਆ ਮੁਤਾਬਕ, ਪ੍ਰਿਯੰਕਾ ਕਈ ਵਾਰ ਮੇਨਕਾ ਦੇ ਕਮਰੇ ਵਿੱਚ ਬੈਠ ਕੇ ਉਨ੍ਹਾਂ ਦੀਆਂ ਕਹਾਣੀਆਂ ਧਿਆਨ ਨਾਲ ਸੁਣਦੀ ਸੀ।

ਪੀਟੀਆਈ ਮੁਤਾਬਕ, ਸੋਨੀਆ ਗਾਂਧੀ ਨੇ ਲਿਖਿਆ ਹੈ ਕਿ ਸੰਜੇ ਗਾਂਧੀ ਦੀ ਮੇਨਕਾ ਨਾਲ ਮੁਲਾਕਾਤ 1973 ਦੇ ਅਖ਼ੀਰ ਵਿੱਚ ਹੋਈ ਸੀ।

ਇੱਕ ਸਾਲ ਦੇ ਅੰਦਰ ਹੀ ਦੋਵਾਂ ਦਾ ਵਿਆਹ ਹੋ ਗਿਆ। ਉਸ ਸਮੇਂ ਮੇਨਕਾ ਦੀ ਉਮਰ 18 ਸਾਲ ਸੀ।

ਸੋਨੀਆ ਉਨ੍ਹਾਂ ਨੂੰ ਜੋਸ਼ ਨਾਲ ਭਰੀ, ਮਿਲਣਸਾਰ ਅਤੇ ਬਹੁਤ ਗੱਲਾਂ ਕਰਨ ਵਾਲੀ ਕੁੜੀ ਵਜੋਂ ਯਾਦ ਕਰਦੀ ਹੈ।

ਉਨ੍ਹਾਂ ਮੁਤਾਬਕ, ਮੇਨਕਾ ਦੇ ਆਉਣ ਨਾਲ ਸ਼ੁਰੂ ਵਿੱਚ ਘਰ ਦਾ ਮਾਹੌਲ ਬਦਲਿਆ ਅਤੇ ਉਨ੍ਹਾਂ ਨੂੰ ਛੋਟੀ ਭੈਣ ਵਰਗੀ ਦਰਾਣੀ ਦਾ ਸਾਥ ਮਿਲਿਆ।

ਸੋਨੀਆ ਲਿਖਦੇ ਹਨ ਕਿ ਕਦੇ ਉਹ ਮੇਨਕਾ ਦਾ ਹਾਸਾ ਸੁਣ ਕੇ ਉਨ੍ਹਾਂ ਕੋਲ ਪਹੁੰਚ ਜਾਂਦੇ ਅਤੇ ਫਿਰ ਉਨ੍ਹਾਂ ਦੀਆਂ ਗੱਲਾਂ ਵਿੱਚ ਸ਼ਾਮਲ ਹੋ ਜਾਂਦੇ ਸਨ।

ਪ੍ਰਿਯੰਕਾ ਗਾਂਧੀ ਵੀ ਆਪਣੀ ਚਾਚੀ ਨਾਲ ਕਾਫ਼ੀ ਘੁਲ-ਮਿਲ ਗਈ ਸੀ। ਸੋਨੀਆ ਮੁਤਾਬਕ, ਪ੍ਰਿਯੰਕਾ ਕਈ ਵਾਰ ਮੇਨਕਾ ਦੇ ਕਮਰੇ ਵਿੱਚ ਬੈਠ ਕੇ ਉਨ੍ਹਾਂ ਦੀਆਂ ਕਹਾਣੀਆਂ ਧਿਆਨ ਨਾਲ ਸੁਣਦੀ ਸੀ।

ਪਰ ਸੋਨੀਆ ਲਿਖਦੇ ਹੈ ਕਿ ਕੁਝ ਸਮੇਂ ਬਾਅਦ ਘਰ ਵਿੱਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਤਣਾਅ ਵਧਣ ਲੱਗਿਆ।

ਮੇਨਕਾ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਅਜੇ ਤੱਕ ਸੋਨੀਆ ਗਾਂਧੀ ਵੱਲੋਂ ਕਿਤਾਬ ਵਿੱਚ ਦਰਸਾਈਆਂ ਗਈਆਂ ਇਨ੍ਹਾਂ ਯਾਦਾਂ ਬਾਰੇ ਕੋਈ ਟਿੱਪਣੀ ਨਹੀਂ ਆਈ ਹੈ।

'ਬਹੁਰਾਣੀ' ਅਤੇ 'ਛੋਟੀ ਨੂੰਹ' ਕਹੇ ਜਾਣ ਪਿੱਛੇ ਕੀ ਸੀ?

ਸੋਨੀਆ ਗਾਂਧੀ
ਤਸਵੀਰ ਕੈਪਸ਼ਨ, ਸੋਨੀਆ ਇਹ ਵੀ ਮੰਨਦੇ ਹਨ ਕਿ ਮੇਨਕਾ ਵਰਗੀ ਮਿਲਣਸਾਰ ਅਤੇ ਲੋਕਾਂ ਵਿੱਚ ਰਹਿਣਾ ਪਸੰਦ ਕਰਨ ਵਾਲੀ ਕੁੜੀ ਲਈ ਉਸ ਸਾਂਝੇ ਪਰਿਵਾਰ ਵਿੱਚ ਖ਼ੁਦ ਨੂੰ ਢਾਲਣਾ ਸੌਖਾ ਨਹੀਂ ਰਿਹਾ ਹੋਵੇਗਾ।

ਘਰ ਦੇ ਮੁਲਾਜ਼ਮ ਸੋਨੀਆ ਨੂੰ 'ਬਹੁਰਾਣੀ' ਅਤੇ ਮੇਨਕਾ ਨੂੰ 'ਛੋਟੀ ਨੂੰਹ' ਕਹਿੰਦੇ ਸਨ।

ਸੋਨੀਆ ਲਿਖਦੇ ਹਨ ਕਿ ਉਨ੍ਹਾਂ ਦੀ ਨਜ਼ਰ ਵਿੱਚ ਦੋਵੇਂ ਉਸ ਘਰ ਦੀਆਂ ਧੀਆਂ ਵਾਂਗ ਬਰਾਬਰ ਸਨ ਅਤੇ ਪਰਿਵਾਰ ਵਿੱਚ ਦੋਵਾਂ ਲਈ ਪੂਰੀ ਥਾਂ ਸੀ।

ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਮੇਨਕਾ ਨੇ ਦੋਵਾਂ ਨੂੰ ਵੱਖੋ-ਵੱਖ ਨਾਵਾਂ ਨਾਲ ਬੁਲਾਏ ਜਾਣ ਨੂੰ ਆਪਣੇ ਆਪ ਨੂੰ ਘੱਟ ਸਮਝੇ ਜਾਣ ਨਾਲ ਜੋੜ ਕੇ ਦੇਖਿਆ।

ਸੋਨੀਆ ਮੁਤਾਬਕ, ਜਦੋਂ ਉਨ੍ਹਾਂ ਨੂੰ ਮੇਨਕਾ ਦਾ ਲਹਿਜ਼ਾ ਰੁੱਖਾ ਲੱਗਦਾ ਸੀ, ਤਾਂ ਉਹ ਘਰ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਆਮ ਤੌਰ 'ਤੇ ਚੁੱਪ ਰਹਿੰਦੇ ਸਨ।

ਪਰ ਜਦੋਂ ਉਨ੍ਹਾਂ ਨੂੰ ਲੱਗਦਾ ਸੀ ਕਿ ਗੱਲ ਹੱਦ ਤੋਂ ਵੱਧ ਗਈ ਹੈ, ਤਾਂ ਉਹ ਵੀ ਸਖ਼ਤ ਲਹਿਜ਼ੇ ਵਿੱਚ ਜਵਾਬ ਦਿੰਦੇ ਸਨ।

ਸੋਨੀਆ ਇਹ ਵੀ ਮੰਨਦੇ ਹਨ ਕਿ ਮੇਨਕਾ ਵਰਗੀ ਮਿਲਣਸਾਰ ਅਤੇ ਲੋਕਾਂ ਵਿੱਚ ਰਹਿਣਾ ਪਸੰਦ ਕਰਨ ਵਾਲੀ ਕੁੜੀ ਲਈ ਉਸ ਸਾਂਝੇ ਪਰਿਵਾਰ ਵਿੱਚ ਖ਼ੁਦ ਨੂੰ ਢਾਲਣਾ ਸੌਖਾ ਨਹੀਂ ਰਿਹਾ ਹੋਵੇਗਾ।

ਉਨ੍ਹਾਂ ਮੁਤਾਬਕ, ਘਰ ਦੇ ਮੈਂਬਰ ਆਪੋ-ਆਪਣੇ ਕੰਮਾਂ ਵਿੱਚ ਰੁੱਝੇ ਰਹਿੰਦੇ ਸਨ। ਅਜਿਹੇ ਵਿੱਚ ਮੇਨਕਾ ਨੂੰ ਘਰ ਦਾ ਮਾਹੌਲ ਬੰਨ੍ਹਿਆ ਹੋਇਆ ਅਤੇ ਨੀਰਸ ਲੱਗਦਾ ਹੋਵੇਗਾ।

ਸੋਨੀਆ ਲਿਖਦੇ ਹਨ ਕਿ ਜਦੋਂ ਮੇਨਕਾ ਸੰਜੇ ਗਾਂਧੀ ਨਾਲ ਸਿਆਸੀ ਪ੍ਰੋਗਰਾਮਾਂ ਵਿੱਚ ਜਾਣ ਲੱਗੇ, ਤਾਂ ਉਹ ਨਵੇਂ ਮਾਹੌਲ ਵਿੱਚ ਕੁਝ ਸਹਿਜ ਦਿਖਾਈ ਦੇਣ ਲੱਗੇ।

ਪਰ ਇਸੇ ਦੌਰਾਨ ਪਰਿਵਾਰ ਅੰਦਰ ਤਣਾਅ ਵੀ ਵਧਣ ਲੱਗਿਆ। ਸੋਨੀਆ ਮੁਤਾਬਕ, ਮੇਨਕਾ ਨਾਲ ਉਨ੍ਹਾਂ ਦੇ ਰਿਸ਼ਤੇ ਵਿੱਚ ਵੀ ਦੂਰੀ ਵਧਦੀ ਗਈ।

ਸੰਜੇ ਗਾਂਧੀ ਦੀ ਮੌਤ ਤੋਂ ਬਾਅਦ ਕੀ ਬਦਲਿਆ?

ਮੇਨਕਾ ਗਾਂਧੀ
ਤਸਵੀਰ ਕੈਪਸ਼ਨ, ਸੋਨੀਆ ਗਾਂਧੀ ਮੁਤਾਬਕ, ਜਦੋਂ ਇੰਦਰਾ ਗਾਂਧੀ ਸਰਕਾਰੀ ਦੌਰੇ 'ਤੇ ਲੰਡਨ ਵਿੱਚ ਸਨ, ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮੇਨਕਾ ਘਰੋਂ ਆਪਣਾ ਸਾਮਾਨ ਚੁੱਕਵਾ ਰਹੇ ਹਨ।

23 ਜੂਨ 1980 ਨੂੰ ਇੱਕ ਜਹਾਜ਼ ਹਾਦਸੇ ਵਿੱਚ ਸੰਜੇ ਗਾਂਧੀ ਦੀ ਮੌਤ ਹੋ ਗਈ।

ਸੋਨੀਆ ਦੀਆਂ ਯਾਦਾਂ ਮੁਤਾਬਕ, ਇਸ ਤੋਂ ਬਾਅਦ ਪਰਿਵਾਰ ਸਾਹਮਣੇ ਇੱਕ ਨਵਾਂ ਸਵਾਲ ਖੜ੍ਹਾ ਹੋ ਗਿਆ ਕਿ ਕੀ ਮੇਨਕਾ ਨੂੰ ਕਾਂਗਰਸ ਵਿੱਚ ਕੋਈ ਸਿਆਸੀ ਭੂਮਿਕਾ ਦਿੱਤੀ ਜਾਣੀ ਚਾਹੀਦੀ ਹੈ।

ਸੋਨੀਆ ਲਿਖਦੇ ਹਨ ਕਿ ਉਸ ਸਮੇਂ ਇੰਦਰਾ ਗਾਂਧੀ ਮੇਨਕਾ ਨੂੰ ਲੀਡਰਸ਼ਿਪ ਦੀ ਜ਼ਿੰਮੇਵਾਰੀ ਦੇਣ ਦੇ ਹੱਕ ਵਿੱਚ ਨਹੀਂ ਸਨ।

ਉਨ੍ਹਾਂ ਮੁਤਾਬਕ, ਇੰਦਰਾ ਗਾਂਧੀ ਦਾ ਮੰਨਣਾ ਸੀ ਕਿ 23 ਸਾਲ ਦੀ ਮੇਨਕਾ ਅਜੇ ਇਸ ਭੂਮਿਕਾ ਦੇ ਲਈ ਬਹੁਤ ਘੱਟ ਉਮਰ ਦੀ ਹੈ।

ਉਨ੍ਹਾਂ ਦਾ ਬੱਚਾ ਵੀ ਸਿਰਫ਼ ਤਿੰਨ ਮਹੀਨਿਆਂ ਦਾ ਸੀ ਅਤੇ ਉਸ ਦੀ ਦੇਖਭਾਲ ਲਈ ਮੇਨਕਾ ਨੂੰ ਸਮਾਂ ਦੇਣਾ ਚਾਹੀਦਾ ਸੀ।

ਸੋਨੀਆ ਮੁਤਾਬਕ, ਇੰਦਰਾ ਗਾਂਧੀ ਦਾ ਮੰਨਣਾ ਸੀ ਕਿ ਮੇਨਕਾ ਕੋਲ ਆਪਣੀਆਂ ਸਿਆਸੀ ਇੱਛਾਵਾਂ ਪੂਰੀਆਂ ਕਰਨ ਲਈ ਅੱਗੇ ਬਹੁਤ ਸਮਾਂ ਹੋਵੇਗਾ।

ਸੋਨੀਆ ਲਿਖਦੇ ਹਨ ਪਰ ਹੈ ਕਿ ਛੇਤੀ ਹੀ ਇਹ ਸਪੱਸ਼ਟ ਹੋ ਗਿਆ ਕਿ ਮੇਨਕਾ ਦੀਆਂ ਸਿਆਸੀ ਯੋਜਨਾਵਾਂ ਕੁਝ ਹੋਰ ਸਨ।

ਇਹ ਮਤਭੇਦ ਹੌਲੀ-ਹੌਲੀ ਪਰਿਵਾਰ ਦੇ ਅੰਦਰਲੇ ਰਿਸ਼ਤਿਆਂ 'ਤੇ ਵੀ ਅਸਰ ਪਾਉਣ ਲੱਗਿਆ।

ਮੇਨਕਾ ਨੇ ਘਰ ਕਿਉਂ ਛੱਡਿਆ?

ਤਸਵੀਰ ਕੈਪਸ਼ਨ, ਸੋਨੀਆ ਗਾਂਧੀ ਨੇ ਆਪਣੀ ਕਿਤਾਬ 'ਬਿਲੌਂਗਿੰਗ: ਏ ਜਰਨੀ ਆਫ਼ ਲਵ' ਵਿੱਚ ਉਨ੍ਹਾਂ ਦੇ ਮੇਨਕਾ ਗਾਂਧੀ ਨਾਲ ਰਿਸ਼ਤੇ ਬਾਰੇ ਦੱਸਿਆ ਹੈ।

ਸੋਨੀਆ ਗਾਂਧੀ ਮੁਤਾਬਕ, ਜਦੋਂ ਇੰਦਰਾ ਗਾਂਧੀ ਸਰਕਾਰੀ ਦੌਰੇ 'ਤੇ ਲੰਡਨ ਵਿੱਚ ਸਨ, ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮੇਨਕਾ ਘਰੋਂ ਆਪਣਾ ਸਾਮਾਨ ਚੁੱਕਵਾ ਰਹੇ ਹਨ।

ਲੰਡਨ ਤੋਂ ਪਰਤਣ ਮਗਰੋਂ ਇੰਦਰਾ ਗਾਂਧੀ ਨੇ ਮੇਨਕਾ ਸਾਹਮਣੇ ਦੋ ਬਦਲ ਰੱਖੇ ਸਨ।

ਸੋਨੀਆ ਮੁਤਾਬਕ, ਇੰਦਰਾ ਨੇ ਉਨ੍ਹਾਂ ਨੂੰ ਕਿਹਾ ਕਿ ਜਾਂ ਤਾਂ ਉਹ ਉਨ੍ਹਾਂ ਸਿਆਸੀ ਸਰਗਰਮੀਆਂ ਨੂੰ ਰੋਕ ਦੇਣ, ਜਿਨ੍ਹਾਂ 'ਤੇ ਇੰਦਰਾ ਨੂੰ ਇਤਰਾਜ਼ ਸੀ, ਜਾਂ ਫਿਰ ਕਿਤੇ ਹੋਰ ਰਹਿਣ ਲੱਗਣ।

ਸੋਨੀਆ ਲਿਖਦੇ ਹਨ ਕਿ ਇਸ ਦੇ ਜਵਾਬ ਵਿੱਚ ਮੇਨਕਾ ਨੇ ਇੰਦਰਾ ਗਾਂਧੀ ਨੂੰ ਇੱਕ ਚਿੱਠੀ ਭੇਜੀ, ਜਿਸ ਵਿੱਚ ਕਈ ਇਲਜ਼ਾਮ ਲਾਏ ਗਏ ਸਨ।

ਐੱਨਡੀਟੀਵੀ ਵਿੱਚ ਪ੍ਰਕਾਸ਼ਿਤ ਕਿਤਾਬ ਦੇ ਅੰਸ਼ ਮੁਤਾਬਕ, ਜਿਸ ਸਮੇਂ ਮੇਨਕਾ ਘਰ ਛੱਡ ਰਹੀ ਸੀ ਅਤੇ ਇੰਦਰਾ ਗਾਂਧੀ ਨਾਲ ਉਨ੍ਹਾਂ ਦੀ ਬਹਿਸ ਹੋਈ, ਉਸ ਸਮੇਂ ਰਾਜੀਵ ਅਤੇ ਸੋਨੀਆ ਗਾਂਧੀ ਘਰ ਵਿੱਚ ਮੌਜੂਦ ਨਹੀਂ ਸਨ।

ਇਸ ਦੇ ਬਾਵਜੂਦ ਸੋਨੀਆ ਨੇ ਲਿਖਿਆ ਹੈ ਕਿ ਮੇਨਕਾ ਨੇ ਘਰ ਛੱਡਣ ਲਈ ਇੰਦਰਾ ਗਾਂਧੀ ਦੇ ਨਾਲ-ਨਾਲ ਰਾਜੀਵ ਅਤੇ ਉਨ੍ਹਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ।

ਸੋਨੀਆ ਦਾ ਇਲਜ਼ਾਮ ਹੈ ਕਿ ਇਸ ਪੂਰੇ ਮਾਮਲੇ ਨੂੰ ਇਸ ਤਰ੍ਹਾਂ ਜਨਤਕ ਕੀਤਾ ਗਿਆ ਕਿ ਇਸ ਦੀ ਚਰਚਾ ਘਰ ਤੋਂ ਬਾਹਰ ਸਿਆਸੀ ਹਲਕਿਆਂ ਅਤੇ ਮੀਡੀਆ ਤੱਕ ਪਹੁੰਚ ਗਈ।

ਕਿਤਾਬ ਵਿੱਚ ਉਹ ਲਿਖਦੇ ਹਨ ਕਿ ਜਿਸ ਤਰ੍ਹਾਂ ਮੇਨਕਾ ਦੇ ਜਾਣ ਦੀ ਘਟਨਾ ਸਾਹਮਣੇ ਆਈ ਅਤੇ ਇਸ ਤੋਂ ਬਾਅਦ ਉਸ ਦਾ ਪ੍ਰਚਾਰ ਹੋਇਆ, ਉਸ ਨੂੰ ਅੱਜ ਦੇ ਦੌਰ ਵਿੱਚ 'ਰਿਐਲਿਟੀ ਸ਼ੋਅ' ਕਿਹਾ ਜਾਂਦਾ।

ਸੋਨੀਆ ਦੀ ਕਿਤਾਬ ਵਿੱਚ ਦਰਜ ਇਨ੍ਹਾਂ ਯਾਦਾਂ ਦੀ ਸ਼ੁਰੂਆਤ ਮੇਨਕਾ ਦੇ ਹਾਸੇ ਅਤੇ ਦੋਵਾਂ ਵਿਚਾਲੇ ਸਹਿਜ ਗੱਲਬਾਤ ਤੋਂ ਹੁੰਦੀ ਹੈ।

ਪਰ ਅੰਤ ਤੱਕ ਪਹੁੰਚਦਿਆਂ ਉਹੀ ਰਿਸ਼ਤਾ ਪਰਿਵਾਰ ਅਤੇ ਸਿਆਸਤ ਨਾਲ ਜੁੜੇ ਇਲਜ਼ਾਮਾਂ ਵਿੱਚ ਉਲਝ ਚੁੱਕਾ ਸੀ।

ਇਸ ਤਰ੍ਹਾਂ ਸੋਨੀਆ ਗਾਂਧੀ ਨੇ ਆਪਣੀਆਂ ਯਾਦਾਂ ਵਿੱਚ ਮੇਨਕਾ ਨਾਲ ਰਿਸ਼ਤੇ ਦੀਆਂ ਦੋ ਬਿਲਕੁਲ ਵੱਖਰੀਆਂ ਤਸਵੀਰਾਂ ਪੇਸ਼ ਕੀਤੀਆਂ ਹਨ।

ਪਹਿਲੀ ਤਸਵੀਰ ਉਸ 'ਛੋਟੀ ਨੂੰਹ' ਦੀ ਹੈ, ਜਿਸ ਦਾ ਹਾਸਾ ਸੁਣ ਕੇ ਉਹ ਉਸ ਕੋਲ ਚਲੇ ਜਾਂਦੇ ਸਨ। ਦੂਜੀ ਤਸਵੀਰ ਉਸ ਰਿਸ਼ਤੇ ਦੀ ਹੈ, ਜਿਸ ਵਿੱਚ ਮਤਭੇਦ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਜਨਤਕ ਅਤੇ ਸਿਆਸੀ ਵਿਵਾਦ ਬਣ ਗਏ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)