ਜੈਨਸਨ ਹੁਆਂਗ: ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੱਡੀ ਕੰਪਨੀ ਦੇ ਸੀਈਓ ਦੇ ਸ਼ੱਕੀ ਚੀਨੀ ਮਹਿਲਾ ਜਾਸੂਸ ਨਾਲ ਕਥਿਤ ਸਬੰਧਾਂ ਬਾਰੇ ਹੁਣ ਤੱਕ ਕੀ ਪਤਾ ਹੈ

ਤਸਵੀਰ ਸਰੋਤ, Getty Images
- ਲੇਖਕ, ਲਿਲੀ ਜਮਾਲੀ
- ਰੋਲ, ਤਕਨਾਲੋਜੀ ਪੱਤਰਕਾਰ
- ...ਤੋਂ, ਉੱਤਰੀ ਅਮਰੀਕਾ
- ਲੇਖਕ, ਪੀਟਰ ਹੌਸਕਿਨਜ਼
- ਰੋਲ, ਕਾਰੋਬਾਰੀ ਮਾਮਲਿਆਂ ਦੇ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਉਦਯੋਗ ਦੀਆਂ ਸਭ ਤੋਂ ਅਹਿਮ ਸ਼ਖ਼ਸੀਅਤਾਂ ਵਿੱਚੋਂ ਇੱਕ 'ਤੇ ਇੱਕ ਸ਼ੱਕੀ ਚੀਨੀ ਜਾਸੂਸ ਨਾਲ ਨਾਜਾਇਜ਼ ਸਬੰਧ ਹੋਣ ਦੇ ਇਲਜ਼ਾਮ ਲੱਗੇ ਹਨ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦਿ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ, ਅਮਰੀਕੀ ਖ਼ੁਫ਼ੀਆ ਅਧਿਕਾਰੀਆਂ ਦਾ ਮੰਨਣਾ ਸੀ ਕਿ ਚੀਨੀ ਕਾਰੋਬਾਰੀ ਔਰਤ ਐਲਿਸ ਹੁਆਂਗ, ਜਿਸ ਦੇ ਐਨਵੀਡੀਆ ਦੇ ਸੀਈਓ ਅਤੇ ਸਹਿ-ਸੰਸਥਾਪਕ ਜੈਨਸਨ ਹੁਆਂਗ ਨਾਲ ਕਰੀਬੀ ਸਬੰਧ ਸਨ, ਬੀਜਿੰਗ ਲਈ ਜਾਸੂਸੀ ਕਰਦੀ ਸੀ।
ਐਤਵਾਰ ਨੂੰ ਜੈਨਸਨ ਹੁਆਂਗ ਨੇ ਆਪਣੀ ਪਤਨੀ ਨਾਲ ਬੇਵਫ਼ਾਈ ਕਰਨ ਦੀ ਗੱਲ ਸਵੀਕਾਰ ਕੀਤੀ। ਉਨ੍ਹਾਂ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਪਹੁੰਚੀ ਠੇਸ ਲਈ ਮੁਆਫ਼ੀ ਵੀ ਮੰਗੀ।
ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕੰਪਨੀਆਂ ਵਿੱਚ ਸ਼ੁਮਾਰ ਅਮਰੀਕੀ ਤਕਨਾਲੋਜੀ ਕੰਪਨੀ ਐਨਵੀਡੀਆ ਨੇ ਇਨ੍ਹਾਂ ਰਿਪੋਰਟਾਂ ਦੀ ਸੁਤੰਤਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੰਪਨੀ ਨੇ ਕਿਹਾ ਹੈ ਕਿ ਉਸ ਨੂੰ ਨਹੀਂ ਲੱਗਦਾ ਕਿ ਅਮਰੀਕਾ ਦੀ ਕੌਮੀ ਸੁਰੱਖਿਆ ਨਾਲ ਕੋਈ ਸਮਝੌਤਾ ਹੋਇਆ ਹੈ। ਇਸ ਦੇ ਨਾਲ ਹੀ ਕੰਪਨੀ ਨੇ ਕਿਹਾ ਕਿ ਜੈਨਸਨ ਹੁਆਂਗ ਕੰਪਨੀ ਦੀ ਅਗਵਾਈ ਜਾਰੀ ਰੱਖਣ ਲਈ ਵਚਨਬੱਧ ਹਨ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਐੱਫਬੀਆਈ ਵੀ ਇਸ ਕਥਿਤ ਸਬੰਧਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਬੀਬੀਸੀ ਵੱਲੋਂ ਸੰਪਰਕ ਕੀਤੇ ਜਾਣ 'ਤੇ ਐੱਫਬੀਆਈ ਨੇ ਇਸ ਬਾਰੇ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਤਸਵੀਰ ਸਰੋਤ, BBC/Getty
ਟਰੰਪ ਨੇ ਕਿਹਾ ਕਿ ਸੋਮਵਾਰ ਨੂੰ ਉਨ੍ਹਾਂ ਨੇ ਜੈਨਸਨ ਹੁਆਂਗ ਨਾਲ ਗੱਲਬਾਤ ਕੀਤੀ ਸੀ। ਇਸ ਤੋਂ ਪਹਿਲਾਂ ਅਜਿਹੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਅਮਰੀਕਾ ਦਾ ਮੰਨਣਾ ਹੈ ਕਿ ਚੀਨ ਵੱਲੋਂ ਚਲਾਈ ਜਾ ਰਹੀ ਜਾਸੂਸੀ ਮੁਹਿੰਮ ਤਹਿਤ ਹੁਆਂਗ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਮੈਂ ਉਨ੍ਹਾਂ ਨੂੰ ਪੁੱਛਿਆ, 'ਕੀ ਤੁਹਾਨੂੰ ਕੋਈ ਅੰਦਾਜ਼ਾ ਸੀ ਕਿ ਉਹ ਔਰਤ ਜਾਸੂਸ ਸੀ?' ਉਨ੍ਹਾਂ ਨੇ ਕਿਹਾ, 'ਮੈਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਉਹ ਜਾਸੂਸ ਸੀ, ਅਤੇ ਮੈਨੂੰ ਉਨ੍ਹਾਂ ਦੀ ਗੱਲ 'ਤੇ ਭਰੋਸਾ ਹੈ।"
ਐਲਿਸ ਹੁਆਂਗ ਕੌਣ ਹਨ ਅਤੇ ਉਨ੍ਹਾਂ ਦੇ ਕਥਿਤ ਸਬੰਧ ਬਾਰੇ ਹੁਣ ਤੱਕ ਕੀ ਪਤਾ ਲੱਗਾ ਹੈ?

ਤਸਵੀਰ ਸਰੋਤ, AFP
ਦਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ, ਅਮਰੀਕੀ ਅਧਿਕਾਰੀਆਂ ਦਾ ਮੰਨਣਾ ਸੀ ਕਿ ਚੀਨ ਦੀ ਸਭ ਤੋਂ ਵੱਡੀ ਖ਼ੁਫ਼ੀਆ ਏਜੰਸੀ ਨੇ ਐਲਿਸ ਹੁਆਂਗ ਨੂੰ ਜਾਸੂਸੀ ਕਰਨ ਲਈ ਭਰਤੀ ਕੀਤਾ ਸੀ। ਫ਼ਿਲਹਾਲ ਉਨ੍ਹਾਂ ਦੇ ਮੌਜੂਦਾ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਐਲਿਸ ਹੁਆਂਗ ਦਾ ਜੈਨਸਨ ਹੁਆਂਗ ਨਾਲ ਕੋਈ ਪਰਿਵਾਰਕ ਸਬੰਧ ਨਹੀਂ ਹੈ। ਉਹ ਮਾਰਚ ਤੋਂ ਨਵੰਬਰ 2023 ਦਰਮਿਆਨ ਸਿੰਗਾਪੁਰ ਸਥਿਤ ਡਾਟਾ ਸੈਂਟਰ ਕੰਪਨੀ 'ਮੈਗਾਸਪੀਡ' ਵਿੱਚ ਇੱਕ ਸੀਨੀਅਰ ਅਧਿਕਾਰੀ ਵਜੋਂ ਕੰਮ ਕਰਦੀ ਸੀ।
ਇਸ ਕੰਪਨੀ 'ਤੇ ਸ਼ੱਕ ਸੀ ਕਿ ਉਹ ਐਨਵੀਡੀਆ ਦੀਆਂ ਚਿੱਪਾਂ ਨੂੰ ਚੀਨ ਭੇਜਣ ਵਿੱਚ ਮਦਦ ਕਰ ਰਹੀ ਸੀ। ਹਾਲਾਂਕਿ, ਐਨਵੀਡੀਆ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਗਈ ਸੀ ਅਤੇ ਇਹ ਸ਼ੱਕ ਬੇਬੁਨਿਆਦ ਸਾਬਤ ਹੋਇਆ ਸੀ।
ਹਾਲਾਂਕਿ, ਮੈਗਾਸਪੀਡ ਦੀ ਸਿੰਗਾਪੁਰ ਸਰਕਾਰ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਜਾਂਚ ਕੰਪਨੀ 'ਤੇ ਲੱਗੇ ਉਨ੍ਹਾਂ ਪੁਰਾਣੇ ਇਲਜ਼ਾਮਾਂ ਨਾਲ ਸਬੰਧਤ ਹੈ। ਮੈਗਾਸਪੀਡ ਉੱਤੇ ਇਲਜ਼ਾਮ ਸੀ ਕਿ ਉਹ ਐਨਵੀਡੀਆ ਦੀਆਂ ਉੱਚ ਸਮਰੱਥਾ ਵਾਲੀਆਂ ਚਿੱਪਾਂ ਦੀ ਬਰਾਮਦ 'ਤੇ ਲੱਗੀਆਂ ਅਮਰੀਕੀ ਪਾਬੰਦੀਆਂ ਤੋਂ ਬਚਣ ਦੇ ਤਰੀਕੇ ਅਪਣਾ ਰਹੀ ਸੀ।
ਬੀਬੀਸੀ ਨੇ ਇਸ ਮਾਮਲੇ 'ਤੇ ਟਿੱਪਣੀ ਲਈ ਮੈਗਾਸਪੀਡ ਨਾਲ ਸੰਪਰਕ ਕੀਤਾ ਹੈ।
ਕੰਪਨੀ ਨੇ ਪਿਛਲੇ ਮਹੀਨੇ ਦਿ ਨਿਊਯਾਰਕ ਟਾਈਮਜ਼ ਨੂੰ ਦੱਸਿਆ ਸੀ ਕਿ ਉਸ ਦੀ ਮੌਜੂਦਾ ਲੀਡਰਸ਼ਿਪ ਇਨ੍ਹਾਂ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਇਸ ਮਾਮਲੇ ਦੀ ਅੰਦਰੂਨੀ ਜਾਂਚ ਕਰਵਾਉਣ ਲਈ ਬਾਹਰੀ ਕਾਨੂੰਨੀ ਸਲਾਹਕਾਰ ਵੀ ਨਿਯੁਕਤ ਕੀਤੇ ਗਏ ਹਨ।
ਰਿਪੋਰਟਾਂ ਮੁਤਾਬਕ, ਨਿਗਰਾਨੀ ਦੌਰਾਨ ਐਲਿਸ ਹੁਆਂਗ ਅਤੇ ਇੱਕ ਅਮਰੀਕੀ ਨਾਗਰਿਕ ਵਿਚਾਲੇ ਹੋਈ ਗੱਲਬਾਤ ਦਾ ਪਤਾ ਲੱਗਿਆ ਸੀ। ਬਾਅਦ ਵਿੱਚ 'ਅਨਮਾਸਕਿੰਗ' ਨਾਂ ਦੀ ਪ੍ਰਕਿਰਿਆ ਰਾਹੀਂ ਉਸ ਅਮਰੀਕੀ ਨਾਗਰਿਕ ਦੀ ਪਛਾਣ ਜੈਨਸਨ ਹੁਆਂਗ ਵਜੋਂ ਹੋਈ।

ਤਸਵੀਰ ਸਰੋਤ, BBC/Getty
ਅਜੇ ਇਹ ਸਪੱਸ਼ਟ ਨਹੀਂ ਹੈ ਕਿ ਐਲਿਸ ਹੁਆਂਗ, ਜਿਨ੍ਹਾਂ ਨੂੰ ਹੁਆਂਗ ਲੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੇ ਕਥਿਤ ਤੌਰ 'ਤੇ ਕਿਹੜੀ ਖ਼ੁਫ਼ੀਆ ਜਾਣਕਾਰੀ ਇਕੱਠੀ ਕਰਕੇ ਬੀਜਿੰਗ ਤੱਕ ਪਹੁੰਚਾਈ ਸੀ।
ਉਨ੍ਹਾਂ ਨੇ ਅਖ਼ਬਾਰ ਵੱਲੋਂ ਟਿੱਪਣੀ ਲਈ ਭੇਜੀ ਗਈ ਬੇਨਤੀ ਦਾ ਕੋਈ ਜਵਾਬ ਨਹੀਂ ਦਿੱਤਾ।
ਜਦੋਂ ਬੀਬੀਸੀ ਨੇ ਐਨਵੀਡੀਆ ਨੂੰ ਪੁੱਛਿਆ ਕਿ ਕੀ ਕੰਪਨੀ ਨੂੰ ਖ਼ੁਫ਼ੀਆ ਏਜੰਸੀਆਂ ਵੱਲੋਂ ਜਤਾਈਆਂ ਗਈਆਂ ਚਿੰਤਾਵਾਂ ਬਾਰੇ ਜਾਣਕਾਰੀ ਸੀ, ਤਾਂ ਕੰਪਨੀ ਨੇ ਇਸ ਤੋਂ ਇਨਕਾਰ ਕੀਤਾ।
ਐਨਵੀਡੀਆ ਦੇ ਇੱਕ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਭਰੋਸਾ ਹੈ ਕਿ ਜੇਕਰ ਸਾਨੂੰ ਕਿਸੇ ਅਸਲ ਖ਼ਤਰੇ ਦਾ ਨਿਸ਼ਾਨਾ ਬਣਾਇਆ ਗਿਆ ਹੁੰਦਾ, ਤਾਂ ਅਮਰੀਕੀ ਸਰਕਾਰ ਨੇ ਸਾਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੁੰਦਾ।"
ਚੀਨ ਨੇ ਜਾਸੂਸੀ ਨਾਲ ਜੁੜੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਸੋਮਵਾਰ ਨੂੰ ਰੋਜ਼ਾਨਾ ਪ੍ਰੈੱਸ ਬ੍ਰੀਫਿੰਗ ਦੌਰਾਨ ਪੱਤਰਕਾਰਾਂ ਨੂੰ ਕਿਹਾ, "ਅਸੀਂ ਇਸ ਬਾਰੇ ਪਹਿਲਾਂ ਹੀ ਆਪਣਾ ਜਵਾਬ ਦੇ ਚੁੱਕੇ ਹਾਂ। ਚੀਨੀ ਜਾਸੂਸਾਂ ਬਾਰੇ ਲਾਏ ਗਏ ਇਲਜ਼ਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ। ਇਹ ਸਿਰਫ਼ ਕਿਆਸਅਰਾਈਆਂ ਹਨ ਅਤੇ ਇਨ੍ਹਾਂ ਦਾ ਮਕਸਦ ਚੀਨ ਨੂੰ ਬਦਨਾਮ ਕਰਨਾ ਅਤੇ ਉਸ ਦੇ ਅਕਸ ਨੂੰ ਨੁਕਸਾਨ ਪਹੁੰਚਾਉਣਾ ਹੈ।"

ਤਸਵੀਰ ਸਰੋਤ, Getty Images
ਦ ਨਿਊਯਾਰਕ ਟਾਈਮਜ਼ ਨੇ ਅਕਤੂਬਰ ਦੇ ਅਖੀਰ ਵਿੱਚ ਰਿਪੋਰਟ ਦਿੱਤੀ ਸੀ ਕਿ ਡੌਨਲਡ ਟਰੰਪ ਨੂੰ ਪਿਛਲੇ ਸਾਲ ਅਜਿਹੀ ਖ਼ੁਫ਼ੀਆ ਜਾਣਕਾਰੀ ਬਾਰੇ ਜਾਣੂ ਕਰਵਾਇਆ ਗਿਆ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਐਲਿਸ ਹੁਆਂਗ ਚੀਨ ਦੀ ਤਰਫ਼ੋਂ ਜਾਸੂਸੀ ਕਰ ਰਹੀ ਸੀ।
ਐਤਵਾਰ ਨੂੰ ਪੱਤਰਕਾਰਾਂ ਨੇ ਡੌਨਲਡ ਟਰੰਪ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਉਸ ਸਮੇਂ ਮਿਲੀ ਖ਼ੁਫ਼ੀਆ ਜਾਣਕਾਰੀ 'ਤੇ ਕਾਰਵਾਈ ਕਰਨੀ ਚਾਹੀਦੀ ਸੀ?
ਇਸ ਦੇ ਜਵਾਬ ਵਿੱਚ ਟਰੰਪ ਨੇ ਕਿਹਾ, "ਨਹੀਂ, ਮੈਨੂੰ ਅਜਿਹਾ ਨਹੀਂ ਲੱਗਦਾ। ਮੇਰੇ ਖ਼ਿਆਲ ਵਿੱਚ ਉਹ ਇੱਕ ਇੱਜ਼ਤਦਾਰ ਵਿਅਕਤੀ ਹੈ।"
ਇਸ ਦੌਰਾਨ, ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਜੈਨਸਨ ਹੁਆਂਗ ਬਾਰੇ ਪੁੱਛੇ ਗਏ ਸਵਾਲ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਦਿ ਨਿਊਯਾਰਕ ਟਾਈਮਜ਼ ਮੁਤਾਬਕ, ਪਿਛਲੇ ਸਾਲ ਵਿੱਚ ਵਿਦੇਸ਼ ਮੰਤਰੀ ਨੇ ਇੱਕ ਅਜਿਹੇ ਮੈਮੋਰੰਡਮ (ਸਰਕਾਰੀ ਨੋਟ) ਦਾ ਖਰੜਾ ਤਿਆਰ ਕਰਨ ਦੀ ਨਿਗਰਾਨੀ ਕੀਤੀ ਸੀ, ਜਿਸ ਵਿੱਚ ਟਰੰਪ ਪ੍ਰਸ਼ਾਸਨ ਨੂੰ ਜੈਨਸਨ ਹੁਆਂਗ ਅਤੇ ਚੀਨੀ ਕਾਰੋਬਾਰੀ ਔਰਤ ਵਿਚਾਲੇ ਸਬੰਧਾਂ ਬਾਰੇ ਚੇਤਾਵਨੀ ਦਿੱਤੀ ਗਈ ਸੀ।
ਇਹ ਮਾਮਲਾ ਅਹਿਮ ਕਿਉਂ ਹੈ?

ਤਸਵੀਰ ਸਰੋਤ, Getty Images
ਐਨਵੀਡੀਆ ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੀ ਏਆਈ ਦੀ ਦੌੜ ਦੇ ਕੇਂਦਰ ਵਿੱਚ ਹੈ। ਇਸੇ ਕਾਰਨ ਅਰਬਪਤੀ ਜੈਨਸਨ ਹੁਆਂਗ ਦੇ ਕਥਿਤ ਸਬੰਧਾਂ ਨੇ ਅਮਰੀਕੀ ਸੰਸਦ ਮੈਂਬਰਾਂ ਵਿੱਚ ਕੌਮੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।
ਡੌਨਲਡ ਟਰੰਪ ਕਹਿ ਚੁੱਕੇ ਹਨ ਕਿ "ਜੋ ਏਆਈ ਦੀ ਦੌੜ ਜਿੱਤੇਗਾ, ਉਹੀ ਜਿੱਤੇਗਾ।"
ਚਿੰਤਾ ਇਹ ਹੈ ਕਿ ਜੇਕਰ ਚੀਨ ਏਆਈ ਦੇ ਖੇਤਰ ਵਿੱਚ ਅਮਰੀਕਾ ਤੋਂ ਅੱਗੇ ਨਿਕਲ ਜਾਂਦਾ ਹੈ, ਤਾਂ ਇਸ ਨਾਲ ਉਸ ਦੀਆਂ ਫ਼ੌਜੀ ਅਤੇ ਨਿਗਰਾਨੀ ਸਮਰੱਥਾਵਾਂ ਵਿੱਚ ਵੱਡਾ ਵਾਧਾ ਹੋ ਸਕਦਾ ਹੈ।
ਇਸ ਖੇਤਰ ਵਿੱਚ ਅਮਰੀਕਾ ਦੀ ਬੜ੍ਹਤ ਦਾ ਵੱਡਾ ਕਾਰਨ ਐਨਵੀਡੀਆ ਵਰਗੀਆਂ ਅਮਰੀਕੀ ਕੰਪਨੀਆਂ ਹਨ। ਇਹ ਕੰਪਨੀਆਂ ਤਾਈਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਕੰਪਨੀ ਵਰਗੀਆਂ ਨਿਰਮਾਤਾ ਕੰਪਨੀਆਂ ਨਾਲ ਮਿਲ ਕੇ ਕੰਮ ਕਰਦੀਆਂ ਹਨ।
ਟੀਐੱਸਐੱਮਸੀ ਦੁਨੀਆ ਦੀਆਂ 90 ਫ਼ੀਸਦੀ ਤੋਂ ਵੱਧ ਸਭ ਤੋਂ ਬਹਿਤਰ ਚਿੱਪਾਂ ਦਾ ਨਿਰਮਾਣ ਕਰਦੀ ਹੈ।
2022 ਤੋਂ ਅਮਰੀਕਾ ਨੇ ਚੀਨ ਨੂੰ ਅਤਿ-ਆਧੁਨਿਕ ਤਕਨਾਲੋਜੀ ਤੱਕ ਪਹੁੰਚਣ ਤੋਂ ਰੋਕਣ ਲਈ ਕਈ ਤਰ੍ਹਾਂ ਦੀਆਂ ਬਰਾਮਦ ਪਾਬੰਦੀਆਂ ਲਾਗੂ ਕੀਤੀਆਂ ਹਨ। ਅਮਰੀਕਾ ਦਾ ਕਹਿਣਾ ਹੈ ਕਿ ਇਨ੍ਹਾਂ ਪਾਬੰਦੀਆਂ ਨਾਲ ਉਸ ਦੀ ਮੁਕਾਬਲੇਬਾਜ਼ੀ ਦੀ ਬੜ੍ਹਤ ਬਰਕਰਾਰ ਰੱਖਣ ਅਤੇ ਕੌਮੀ ਸੁਰੱਖਿਆ ਦੀ ਰਾਖੀ ਕਰਨ ਵਿੱਚ ਮਦਦ ਮਿਲਦੀ ਹੈ।
ਇਸ ਦਾ ਮਤਲਬ ਹੈ ਕਿ ਐਨਵੀਡੀਆ ਵਰਗੀਆਂ ਕੰਪਨੀਆਂ ਨੂੰ ਦੁਨੀਆ ਦੇ ਸਭ ਤੋਂ ਵੱਧ ਮੁਨਾਫ਼ੇ ਵਾਲੇ ਬਾਜ਼ਾਰਾਂ ਵਿੱਚੋਂ ਇੱਕ ਚੀਨ ਤੋਂ ਵੱਡੇ ਪੱਧਰ 'ਤੇ ਬਾਹਰ ਰਹਿਣਾ ਪਿਆ ਹੈ।
ਜੈਨਸਨ ਹੁਆਂਗ ਨੇ ਇੱਕ ਵਾਰ ਕਿਹਾ ਸੀ ਕਿ ਚੀਨੀ ਬਾਜ਼ਾਰ ਵਿੱਚ ਐਨਵੀਡੀਆ ਦੀ ਹਿੱਸੇਦਾਰੀ ਤਕਰੀਬਨ 95 ਫ਼ੀਸਦੀ ਤੋਂ ਘਟ ਕੇ ਅਮਲੀ ਤੌਰ 'ਤੇ ਜ਼ੀਰੋ ਰਹਿ ਗਈ ਹੈ।
ਹੁਆਂਗ ਅਮਰੀਕਾ ਅਤੇ ਚੀਨ ਵਿਚਾਲੇ ਲਗਾਤਾਰ ਕੂਟਨੀਤਕ ਯਤਨ ਕਰਦੇ ਰਹੇ ਹਨ। ਉਨ੍ਹਾਂ ਦੀ ਕੋਸ਼ਿਸ਼ ਰਹੀ ਹੈ ਕਿ ਅਮਰੀਕੀ ਸਰਕਾਰ ਦੀ ਮਨਜ਼ੂਰੀ ਨਾਲ ਚੀਨੀ ਬਾਜ਼ਾਰ ਵਿੱਚ ਮੁੜ ਦਾਖ਼ਲੇ ਦਾ ਰਾਹ ਲੱਭਿਆ ਜਾ ਸਕੇ। ਇਸ ਦੌਰਾਨ ਉਹ ਚੀਨ ਬਾਰੇ ਅਮਰੀਕੀ ਨੀਤੀ ਨੂੰ ਪ੍ਰਭਾਵਿਤ ਕਰਨ ਵਿੱਚ ਵੀ ਭੂਮਿਕਾ ਨਿਭਾਉਂਦੇ ਰਹੇ ਹਨ।
ਐਤਵਾਰ ਨੂੰ ਸਾਹਮਣੇ ਆਏ ਖੁਲਾਸਿਆਂ ਤੋਂ ਇਹ ਸਮਝਣ ਵਿੱਚ ਮਦਦ ਮਿਲ ਸਕਦੀ ਹੈ ਕਿ ਹੁਆਂਗ ਹੁਣ ਤੱਕ ਐਨਵੀਡੀਆ ਲਈ ਸਭ ਤੋਂ ਵੱਡੀ ਸਫ਼ਲਤਾ ਹਾਸਲ ਕਰਨ ਵਿੱਚ ਨਾਕਾਮ ਕਿਉਂ ਰਹੇ ਹਨ।
ਇਹ ਸਫ਼ਲਤਾ ਸੀ ਟਰੰਪ ਪ੍ਰਸ਼ਾਸਨ ਦੀ ਉਹ ਮਨਜ਼ੂਰੀ ਹਾਸਲ ਕਰਨਾ, ਜਿਸ ਤਹਿਤ ਐਨਵੀਡੀਆ ਚੀਨ ਨੂੰ ਆਪਣੀਆਂ ਸਭ ਤੋਂ ਬਹਿਤਰੀਨ ਚਿੱਪਾਂ ਨੂੰ ਛੱਡ ਕੇ ਬਾਕੀ ਸਾਰੀਆਂ ਚਿੱਪਾਂ ਵੇਚ ਸਕੇ।
ਜੈਨਸਨ ਹੁਆਂਗ ਕੌਣ ਹਨ?

ਤਸਵੀਰ ਸਰੋਤ, Getty Images
1963 ਵਿੱਚ ਤਾਈਵਾਨ ਵਿੱਚ ਜਨਮੇ ਜੈਨਸਨ ਹੁਆਂਗ ਨੌਂ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਅਮਰੀਕਾ ਦੇ ਪੱਛਮੀ ਤੱਟ 'ਤੇ ਆ ਗਏ ਸਨ।
ਉਨ੍ਹਾਂ ਨੇ ਓਰੇਗਨ ਸਟੇਟ ਯੂਨੀਵਰਸਿਟੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਸਟੈਨਫੋਰਡ ਯੂਨੀਵਰਸਿਟੀ ਤੋਂ ਇਸੇ ਵਿਸ਼ੇ ਵਿੱਚ ਮਾਸਟਰਜ਼ ਦੀ ਡਿਗਰੀ ਪ੍ਰਾਪਤ ਕੀਤੀ।
ਇਸ ਤੋਂ ਬਾਅਦ ਹੁਆਂਗ ਨੇ ਅਮਰੀਕੀ ਚਿੱਪ ਕੰਪਨੀ ਏਐੱਮਡੀ ਵਿੱਚ ਕੰਮ ਕੀਤਾ ਅਤੇ ਫਿਰ ਐਨਵੀਡੀਆ ਦੀ ਸਹਿ-ਸਥਾਪਨਾ ਕੀਤੀ।
ਤਾਈਵਾਨ ਵਿੱਚ ਉਨ੍ਹਾਂ ਨੂੰ 'ਡੈਡੀ ਹੁਆਂਗ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਿਸੇ ਸਮੇਂ ਉਨ੍ਹਾਂ ਨੂੰ ਤਕਨਾਲੋਜੀ ਜਗਤ ਦੀ 'ਟੇਲਰ ਸਵਿਫਟ' ਕਹਿ ਕੇ ਤਾਰੀਫ਼ ਕੀਤੀ ਗਈ ਸੀ।
ਹੁਆਂਗ ਦੀ ਪਛਾਣ ਇੱਕ ਅਜਿਹੇ ਵਿਅਕਤੀ ਵਜੋਂ ਹੈ, ਜੋ ਆਪਣੇ ਕੰਮ ਵਿੱਚ ਬੇਹੱਦ ਰੁੱਝੇ ਰਹਿੰਦੇ ਹਨ ਅਤੇ ਹਰ ਕੰਮ ਵਿੱਚ ਪਰਪੱਕਤਾ ਚਾਹੁੰਦੇ ਹਨ। ਉਹ ਆਪਣੇ ਕਰਮਚਾਰੀਆਂ ਤੋਂ ਵੀ ਬਹੁਤ ਉੱਚੇ ਮਿਆਰਾਂ ਦੀ ਉਮੀਦ ਰੱਖਦੇ ਹਨ।
ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ ਮੁਤਾਬਕ, ਉਨ੍ਹਾਂ ਦੀ ਅੰਦਾਜ਼ਨ ਕੁੱਲ ਜਾਇਦਾਦ 155 ਅਰਬ ਡਾਲਰ ਹੈ।
ਹੁਆਂਗ ਦੀ ਜੀਵਨੀ 'ਥਿੰਕਿੰਗ ਮਸ਼ੀਨ' ਦੇ ਲੇਖਕ ਸਟੀਫ਼ਨ ਵਿਟ ਨੇ ਬੀਬੀਸੀ ਨੂੰ ਦੱਸਿਆ, "ਜੈਨਸਨ ਹੁਆਂਗ ਤਕਨੀਕੀ ਜਗਤ ਦੇ ਸਟੀਵ ਜੌਬਸ ਵਾਂਗ ਦੂਰਅੰਦੇਸ਼ੀ ਰੱਖਣ ਵਾਲੇ ਵਿਅਕਤੀ ਹਨ।"
ਉਨ੍ਹਾਂ ਕਿਹਾ, "ਅੱਜ ਅਸੀਂ ਏਆਈ ਲਈ ਜਿਸ ਹਾਰਡਵੇਅਰ ਨੂੰ ਜਾਣਦੇ ਹਾਂ, ਉਸ ਨੂੰ ਵਿਕਸਤ ਕਰਨ ਦੀ ਜ਼ਿੰਮੇਵਾਰੀ ਹੁਆਂਗ ਦੀ ਹੀ ਰਹੀ ਹੈ।"
ਹੁਆਂਗ ਦੇ ਡੌਨਲਡ ਟਰੰਪ ਨਾਲ ਕਰੀਬੀ ਸਬੰਧ ਜੱਗ-ਜ਼ਾਹਰ ਹਨ।
ਹਾਲ ਹੀ ਵਿੱਚ ਵ੍ਹਾਈਟ ਹਾਊਸ ਵਿੱਚ ਹੋਏ ਏਆਈ ਸਿਖ਼ਰ ਸੰਮੇਲਨ ਦੌਰਾਨ ਵੀ ਇਹ ਨੇੜਤਾ ਦੇਖਣ ਨੂੰ ਮਿਲੀ। ਇਸ ਸੰਮੇਲਨ ਵਿੱਚ ਤਕਨੀਕੀ ਖੇਤਰ ਦੀਆਂ 42 ਕੰਪਨੀਆਂ ਦੇ ਮੁਖੀ ਸ਼ਾਮਲ ਹੋਏ ਸਨ ਅਤੇ ਰਾਸ਼ਟਰਪਤੀ ਟਰੰਪ ਦੇ ਇੱਕ ਪਾਸੇ ਐਲਨ ਮਸਕ ਤੇ ਦੂਜੇ ਪਾਸੇ ਜੈਨਸਨ ਹੁਆਂਗ ਮੌਜੂਦ ਸਨ।
ਟਰੰਪ ਨੇ ਕਿਹਾ ਕਿ ਜਾਂਚ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੀ ਐਨਵੀਡੀਆ ਦੇ ਮੁਖੀ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ।
ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, "ਮੈਂ ਸਿਰਫ਼ ਇਹ ਜਾਣਦਾ ਹਾਂ ਕਿ ਉਹ ਇੱਕ ਚੰਗੇ ਇਨਸਾਨ ਹਨ, ਪਰ ਤੁਹਾਨੂੰ ਕਦੇ ਨਹੀਂ ਪਤਾ ਹੁੰਦਾ ਕਿ ਅਸਲ ਵਿੱਚ ਕੀ ਚੱਲ ਰਿਹਾ ਹੈ।"
ਉਨ੍ਹਾਂ ਅੱਗੇ ਕਿਹਾ, "ਹੁਆਂਗ ਨੇ ਸਾਡੇ ਦੇਸ਼ ਲਈ ਸ਼ਾਨਦਾਰ ਕੰਮ ਕੀਤਾ ਹੈ।"
ਐਨਵੀਡੀਆ ਕੀ ਹੈ ਅਤੇ ਇਹ ਕਿੰਨੀ ਅਹਿਮ ਕੰਪਨੀ ਹੈ?

ਤਸਵੀਰ ਸਰੋਤ, Getty Images
ਜੈਨਸਨ ਹੁਆਂਗ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਉਨ੍ਹਾਂ ਦੇ ਦੋ ਸਾਥੀਆਂ ਕ੍ਰਿਸ ਮਲਾਚੋਵਸਕੀ ਅਤੇ ਕਰਟਿਸ ਪ੍ਰੀਮ ਨੇ 1993 ਵਿੱਚ ਇਸ ਕੰਪਨੀ ਦੀ ਸਥਾਪਨਾ ਕੀਤੀ ਸੀ।
ਸ਼ੁਰੂਆਤ ਵਿੱਚ ਇਹ ਕੰਪਨੀ ਅਜਿਹੀਆਂ ਚਿੱਪਾਂ ਬਣਾਉਣ ਲਈ ਜਾਣੀ ਜਾਂਦੀ ਸੀ, ਜੋ ਗ੍ਰਾਫਿਕਸ ਦੀ ਪ੍ਰੋਸੈਸਿੰਗ ਕਰਦੀਆਂ ਹਨ। ਖ਼ਾਸ ਤੌਰ 'ਤੇ ਕੰਪਿਊਟਰ ਗੇਮਾਂ ਵਿੱਚ ਵਰਤੇ ਜਾਣ ਵਾਲੇ ਗ੍ਰਾਫਿਕਸ ਲਈ ਇਨ੍ਹਾਂ ਚਿੱਪਾਂ ਦੀ ਵਰਤੋਂ ਹੁੰਦੀ ਸੀ।
ਬਾਅਦ ਵਿੱਚ ਕੰਪਨੀ ਨੇ ਆਪਣਾ ਧਿਆਨ ਏਆਈ ਵੱਲ ਕੇਂਦਰਿਤ ਕਰ ਲਿਆ। ਅੱਜ ਇਸ ਖੇਤਰ ਵਿੱਚ ਐਨਵੀਡੀਆ ਦਾ ਦਬਦਬਾ ਹੈ।
ਜੈਨਸਨ ਹੁਆਂਗ ਨੇ ਕਈ ਮੌਕਿਆਂ 'ਤੇ ਐਨਵੀਡੀਆ ਨੂੰ ਦੀਵਾਲੀਆ ਹੋਣ ਤੋਂ ਬਚਾਇਆ। ਉਨ੍ਹਾਂ ਨੇ ਦੁਨੀਆ ਦੇ ਏਆਈ ਵੱਲ ਧਿਆਨ ਦੇਣ ਤੋਂ ਕਾਫ਼ੀ ਪਹਿਲਾਂ ਹੀ ਇਸ ਖੇਤਰ ਵਿੱਚ ਨਿਵੇਸ਼ ਕਰਨ ਦੇ ਜੋਖ਼ਮ ਉਠਾਏ ਅਤੇ ਲਗਭਗ ਸ਼ੁਰੂ ਤੋਂ ਹੀ ਇਸ ਲਈ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਕੀਤਾ।
ਸਟੀਫਨ ਵਿਟ ਨੇ ਬੀਬੀਸੀ ਨੂੰ ਦੱਸਿਆ, "ਅੱਜ ਜਦੋਂ ਅਸੀਂ ਇਸ ਬਾਰੇ ਸੋਚਦੇ ਹਾਂ ਤਾਂ ਸਾਡੇ ਮਨ ਵਿੱਚ ਵਿਸ਼ਾਲ ਡਾਟਾ ਸੈਂਟਰਾਂ ਦੀ ਤਸਵੀਰ ਆਉਂਦੀ ਹੈ। ਪਰ ਉਸ ਸਮੇਂ ਅਜਿਹਾ ਕੁਝ ਵੀ ਮੌਜੂਦ ਨਹੀਂ ਸੀ।"
"ਹੁਆਂਗ ਜੋ ਕੁਝ ਬਣਾ ਰਹੇ ਸਨ, ਉਸ ਦੇ ਕੋਈ ਗਾਹਕ ਵੀ ਨਹੀਂ ਸਨ। ਅਸਲ ਵਿੱਚ ਉਨ੍ਹਾਂ ਦਾ ਪਹਿਲਾ ਗਾਹਕ ਓਪਨਏਆਈ ਸੀ, ਜਿਸ ਵਿੱਚ ਉਸ ਸਮੇਂ ਸਿਰਫ਼ 30 ਲੋਕ ਕੰਮ ਕਰਦੇ ਸਨ। ਹੁਆਂਗ ਨੇ ਇਹ ਚੀਜ਼ ਉਨ੍ਹਾਂ ਨੂੰ ਵੇਚੀ ਨਹੀਂ ਸੀ, ਸਗੋਂ ਤੋਹਫ਼ੇ ਵਜੋਂ ਦੇ ਦਿੱਤੀ ਸੀ।"
ਅੱਜ ਐਮਾਜ਼ੌਨ, ਮੈਟਾ, ਗੂਗਲ ਅਤੇ ਮਾਈਕ੍ਰੋਸਾਫਟ ਸਣੇ ਏਆਈ ਟੂਲਜ਼ ਅਤੇ ਬੁਨਿਆਦੀ ਢਾਂਚਾ ਵਿਕਸਤ ਕਰਨ ਵਾਲੀਆਂ ਤਕਨਾਲੋਜੀ ਜਗਤ ਦੀਆਂ ਲਗਭਗ ਸਾਰੀਆਂ ਪ੍ਰਮੁੱਖ ਕੰਪਨੀਆਂ ਐਨਵੀਡੀਆ ਦੀਆਂ ਚਿੱਪਾਂ ਦੀ ਵਰਤੋਂ ਕਰਦੀਆਂ ਹਨ।
ਇਸ ਸਮੇਂ ਐਨਵੀਡੀਆ ਦੀ ਬਾਜ਼ਾਰ ਕੀਮਤ 4.5 ਲੱਖ ਕਰੋੜ ਡਾਲਰ (3.4 ਟ੍ਰਿਲੀਅਨ ਪੌਂਡ) ਹੈ। ਇਸ ਤਰ੍ਹਾਂ ਇਹ ਹੁਣ ਤੱਕ ਦੀਆਂ ਸਭ ਤੋਂ ਕੀਮਤੀ ਕੰਪਨੀਆਂ ਵਿੱਚੋਂ ਇੱਕ ਹੈ।
ਫ਼ਿਲਹਾਲ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਦਾ ਜੈਨਸਨ ਹੁਆਂਗ ਨੂੰ ਅਹੁਦੇ ਤੋਂ ਹਟਾਉਣ ਦਾ ਕੋਈ ਖ਼ਾਸ ਇਰਾਦਾ ਨਜ਼ਰ ਨਹੀਂ ਆਉਂਦਾ।
ਬੋਰਡ ਨੇ ਐਤਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਸ ਨੂੰ ਜੈਨਸਨ ਅਤੇ ਉਨ੍ਹਾਂ ਦੀ ਲੀਡਰਸ਼ਿਪ ਟੀਮ 'ਤੇ ਪੂਰਾ ਭਰੋਸਾ ਹੈ।
ਬੀਬੀਸੀ ਨੂੰ ਸੂਤਰਾਂ ਨੇ ਦੱਸਿਆ ਹੈ ਕਿ ਹੁਆਂਗ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ, ਕਿਉਂਕਿ ਇਸ ਮਾਮਲੇ ਵਿੱਚ ਬਹੁਤ ਵੱਡੀ ਰਕਮ ਦਾਅ 'ਤੇ ਲੱਗੀ ਹੋਈ ਹੈ।
63 ਸਾਲਾ ਹੁਆਂਗ ਦੇ ਉੱਤਰਾਧਿਕਾਰੀ ਬਾਰੇ ਹਾਲੇ ਤੱਕ ਕੋਈ ਜਨਤਕ ਯੋਜਨਾ ਸਾਹਮਣੇ ਨਹੀਂ ਆਈ ਹੈ।
ਉਹ ਅਕਸਰ ਕਹਿ ਚੁੱਕੇ ਹਨ ਕਿ ਉਹ ਕਈ ਦਹਾਕਿਆਂ ਤੱਕ ਇਸ ਅਹੁਦੇ 'ਤੇ ਬਣੇ ਰਹਿਣਾ ਚਾਹੁੰਦੇ ਹਨ।
ਬਲੂਮਬਰਗ ਦੀ ਰਿਪੋਰਟ ਮੁਤਾਬਕ, ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਇੱਕ ਗ਼ੈਰ-ਰਸਮੀ ਲੀਡਰਸ਼ਿਪ ਢਾਂਚਾ ਵੀ ਤਿਆਰ ਕੀਤਾ ਹੋਇਆ ਹੈ, ਜੋ ਰਵਾਇਤੀ ਕੰਪਨੀਆਂ ਦੇ ਅਹੁਦਿਆਂ ਦੀ ਸੀਰੀਜ਼ ਤੋਂ ਵੱਖਰਾ ਹੈ।
ਹੁਆਂਗ ਦੇ ਬੱਚੇ ਸਪੈਂਸਰ ਅਤੇ ਮੇਡੀਸਨ ਅਤੇ ਉਨ੍ਹਾਂ ਦੇ ਜਵਾਈ ਨਿਕੋ ਕੈਪਰੇਜ਼ ਵੀ ਐਨਵੀਡੀਆ ਵਿੱਚ ਸੀਨੀਅਰ ਅਹੁਦਿਆਂ 'ਤੇ ਕੰਮ ਕਰਦੇ ਹਨ।
ਜੈਨਸਨ ਹੁਆਂਗ ਦੀ ਪਤਨੀ ਕੌਣ ਹੈ?

ਤਸਵੀਰ ਸਰੋਤ, Getty Images
ਜੈਨਸਨ ਹੁਆਂਗ ਦੀ ਉਨ੍ਹਾਂ ਦੀ ਮੌਜੂਦਾ ਪਤਨੀ ਲੋਰੀ ਮਿਲਜ਼ ਨਾਲ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਓਰੇਗਨ ਸਟੇਟ ਯੂਨੀਵਰਸਿਟੀ ਵਿੱਚ ਹੋਈ ਸੀ। ਉਸ ਸਮੇਂ ਦੋਵੇਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ। ਦੋਵੇਂ ਇੱਕੋ ਲੈਬ ਵਿੱਚ ਸਾਥੀ ਵਜੋਂ ਕੰਮ ਕਰਦੇ ਸਨ।
ਦੋਵਾਂ ਦਾ ਵਿਆਹ 1985 ਵਿੱਚ ਹੋਇਆ ਸੀ। ਇਹ ਵਿਆਹ ਐਨਵੀਡੀਆ ਦੀ ਸਹਿ-ਸਥਾਪਨਾ ਤੋਂ ਲਗਭਗ ਅੱਠ ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਹਨ, ਜਿਨ੍ਹਾਂ ਦੇ ਨਾਂ ਮੇਡੀਸਨ ਅਤੇ ਸਪੈਂਸਰ ਹਨ।
2007 ਵਿੱਚ ਇਸ ਜੋੜੇ ਨੇ 'ਜੈਨ-ਹੁਨ ਅਤੇ ਲੋਰੀ ਹੁਆਂਗ ਫਾਊਂਡੇਸ਼ਨ' ਦੀ ਸਥਾਪਨਾ ਕੀਤੀ ਸੀ।
ਇਸ ਚੈਰੀਟੇਬਲ ਫਾਊਂਡੇਸ਼ਨ ਦੀ ਜਾਇਦਾਦ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦਾ ਮੁੱਖ ਕਾਰਨ ਐਨਵੀਡੀਆ ਦੇ ਸ਼ੇਅਰਾਂ ਦੀ ਕੀਮਤ ਵਿੱਚ ਹੋਇਆ ਭਾਰੀ ਵਾਧਾ ਹੈ। ਅੰਦਾਜ਼ਾ ਹੈ ਕਿ ਫਾਊਂਡੇਸ਼ਨ ਦੀ ਕੁੱਲ ਜਾਇਦਾਦ 9 ਅਰਬ ਡਾਲਰ ਤੋਂ ਵੱਧ ਹੋ ਚੁੱਕੀ ਹੈ।
ਫਾਊਂਡੇਸ਼ਨ ਵੱਲੋਂ ਦਿੱਤੇ ਗਏ ਦਾਨ ਵਿੱਚ ਓਰੇਗਨ ਸਟੇਟ ਯੂਨੀਵਰਸਿਟੀ ਅਤੇ ਸਟੈਨਫੋਰਡ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਪ੍ਰੋਗਰਾਮਾਂ ਲਈ ਦਿੱਤੇ ਗਏ ਕਰੋੜਾਂ ਡਾਲਰ ਵੀ ਸ਼ਾਮਲ ਹਨ।
ਸਟੀਫ਼ਨ ਵਿਟ ਨੇ ਬੀਬੀਸੀ ਨੂੰ ਦੱਸਿਆ ਕਿ ਜੈਨਸਨ ਹੁਆਂਗ ਨੇ ਆਪਣੇ ਆਪ ਨੂੰ ਇੱਕ ਘਰੈਲੂ ਵਿਅਕਤੀ ਵਜੋਂ ਪੇਸ਼ ਕਰਨ ਲਈ ਕਾਫ਼ੀ ਯਤਨ ਕੀਤੇ ਹਨ।
ਉਨ੍ਹਾਂ ਕਿਹਾ, "ਇਹ ਗੱਲ ਉਨ੍ਹਾਂ ਲਈ ਬਹੁਤ ਅਹਿਮ ਹੈ।"
ਵਿਟ ਨੇ ਅੱਗੇ ਕਿਹਾ, "ਉਹ ਆਪਣੀ ਪਤਨੀ ਦੀ ਤਾਰੀਫ਼ ਕਰਦੇ ਹਨ ਅਤੇ ਉਨ੍ਹਾਂ ਬਾਰੇ ਬਹੁਤ ਚੰਗੇ ਸ਼ਬਦਾਂ ਵਿੱਚ ਗੱਲ ਕਰਦੇ ਹਨ।"
ਉਨ੍ਹਾਂ ਕਿਹਾ, "ਇਸ ਤਰ੍ਹਾਂ ਦੇ ਮਾਮਲੇ ਦਾ ਕਿਸੇ ਵੀ ਪਰਿਵਾਰ 'ਤੇ ਮਾੜਾ ਅਸਰ ਪੈ ਸਕਦਾ ਹੈ। ਪਰ ਅਜਿਹੇ ਵਿਅਕਤੀ ਲਈ ਇਹ ਹੋਰ ਵੀ ਗੰਭੀਰ ਹੈ, ਜਿਸ ਨੇ ਆਪਣੇ ਆਪ ਨੂੰ ਇੱਕ ਪਰਿਵਾਰਕ ਵਿਅਕਤੀ ਵਜੋਂ ਪੇਸ਼ ਕਰਨ ਲਈ ਇੰਨੇ ਯਤਨ ਕੀਤੇ ਹੋਣ ਅਤੇ ਆਪਣੇ ਬੱਚਿਆਂ ਨੂੰ ਆਪਣੇ ਬਹੁਤ ਕਰੀਬ ਰੱਖਿਆ ਹੋਵੇ। ਅਜਿਹੇ ਹਾਲਾਤ ਵਿੱਚ ਇਸ ਸਭ ਦੇ ਨਤੀਜੇ ਬਹੁਤ ਮਾੜੇ ਹੋ ਸਕਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































