ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਕੈਨੇਡਾ ਵਿੱਚ ਸਿੱਖ ਨੌਜਵਾਨ 'ਤੇ ਹੋਇਆ ਕਥਿਤ ਨਫ਼ਰਤੀ ਹਮਲਾ, 'ਪੱਗ ਲਾਹ ਕੇ ਬਦਸਲੂਕੀ ਕੀਤੀ ਗਈ', ਮੁਲਜ਼ਮਾਂ ਬਾਰੇ ਕੀ ਪਤਾ ਲੱਗਾ
ਕੈਨੇਡਾ ਵਿੱਚ ਪੁਲਿਸ ਵੱਲੋਂ 3 ਜਣਿਆਂ ਨੂੰ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਉੱਤੇ ਇੱਕ ਸਿੱਖ ਨੌਜਵਾਨ ਉੱਤੇ ਕਥਿਤ ਨਫ਼ਰਤੀ ਹਮਲਾ ਕਰਨ, ਪੱਗ ਲਾਹੇ ਜਾਣ ਉੱਤੇ ਉਸ ਉੱਤੇ ਬੀਅਰ ਪਾਉਣ ਦੇ ਇਲਜ਼ਾਮ ਹਨ।
ਪੁਲਿਸ ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ਮੁਤਾਬਕ ਇਨ੍ਹਾਂ ਤਿੰਨ ਜਣਿਆਂ ਨੂੰ 8 ਨਵੰਬਰ ਨੂੰ ਬੈਰੀ ਟ੍ਰਾਂਜ਼ਿਟ ਬੱਸਾਂ ਉੱਤੇ ਦੋ ਹਿੰਸਾ ਦੇ ਮਾਮਲਿਆਂ ਵਿੱਚ ਫੜਿਆ ਗਿਆ ਹੈ।
ਪੁਲਿਸ ਨੇ ਆਪਣੀ ਪ੍ਰੈੱਸ ਰਿਲੀਜ਼ ਵਿੱਚ ਲਿਖਿਆ, "8:30 ਵਜੇ ਦੇ ਕਰੀਬ ਤਿੰਨ ਜਣੇ ਸਿਟੀ ਬੱਸ ਉੱਤੇ ਯੋਂਗੇ ਸਟ੍ਰੀਟ ਉੱਤੇ ਇੱਕ 22 ਸਾਲਾ ਨੌਜਵਾਨ ਕੋਲ ਗਏ, ਉਨ੍ਹਾਂ ਨੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸ਼ੱਕੀਆਂ ਵਿੱਚੋਂ ਇੱਕ ਨੇ ਉਸ ਦੀ ਪੱਗ ਲਾਹੀ ਅਤੇ ਉਸ ਉੱਤੇ ਬੀਅਰ ਪਾ ਦਿੱਤੀ ਜਦੋਂ ਪੀੜਤ ਨੇ ਪੁਲਿਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਦਾ ਫੋਨ ਖੋਹ ਕੇ ਜ਼ਮੀਨ ਉੱਤੇ ਸੁੱਟ ਦਿੱਤਾ।"
ਪੁਲਿਸ ਮੁਤਾਬਕ ਇਸ ਤੋਂ ਬਾਅਦ ਉਸ ਸ਼ਖਸ ਨੇ ਬੱਸ ਡਰਾਈਵਰ ਤੋਂ ਮਦਦ ਮੰਗਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋ ਮੁਲਜ਼ਮਾਂ ਨੇ ਉਸ ਨੂੰ ਫੜ ਕੇ ਰੱਖਿਆ, ਜਦਕਿ ਤੀਜੇ ਨੇ ਉਸ ਦੇ ਚਿਹਰੇ ਅਤੇ ਸਰੀਰ 'ਤੇ ਮੁੱਕੇ ਮਾਰੇ।
ਇਸ ਤੋਂ ਬਾਅਦ ਮੁਲਜ਼ਮ ਬੱਸ ਵਿੱਚੋਂ ਉਤਰ ਕੇ ਨੇੜੇ ਖੜ੍ਹੀ ਇੱਕ ਟੈਕਸੀ ਵਿੱਚ ਬੈਠ ਗਏ।
ਥੋੜ੍ਹੇ ਸਮੇਂ ਬਾਅਦ 9 ਵਜੇ ਤੋਂ ਪਹਿਲਾਂ ਅਧਿਕਾਰੀਆਂ ਨੇ ਸਿਮਕੋਏ ਅਤੇ ਮੁਲਕਾਸਟਰ ਸਟ੍ਰੀਟਸ ਦੇ ਇਲਾਕੇ ਵਿੱਚ ਟੈਕਸੀ ਦੇ ਹੋਣ ਦਾ ਪਤਾ ਲਗਾਇਆ ਅਤੇ ਤਿੰਨੇ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਪੁਲਿਸ ਮੁਤਾਬਕ ਸ਼ੱਕੀਆਂ ਦੀ ਉਮਰ 16, 18 ਅਤੇ 19 ਸਾਲ ਹੈ। ਬੈਰੀ ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਸਥਿਤ ਹੈ।
ਪੁਲਿਸ ਨੇ ਦੱਸਿਆ ਕਿ ਇਸ ਘਟਨਾ ਤੋਂ ਪਹਿਲਾਂ ਵੀ ਇਨ੍ਹਾਂ ਸ਼ੱਕੀਆਂ ਵੱਲੋਂ ਹੀ ਇੱਕ ਹੋਰ ਸ਼ਖ਼ਸ ਨਾਲ ਸਰੀਰਕ ਹਿੰਸਾ ਕੀਤੀ ਗਈ ਸੀ ਅਤੇ ਮੰਦਾ ਬੋਲਿਆ ਗਿਆ ਸੀ।
ਪ੍ਰੈੱਸ ਰਿਲੀਜ਼ ਮੁਤਾਬਕ, "ਸ਼ਾਮ ਕਰੀਬ 7 ਵੱਜ ਕੇ 15 ਮਿੰਟ 'ਤੇ ਤਿੰਨਾਂ ਸ਼ੱਕੀਆਂ ਨੇ ਐੱਸਾ ਰੋਡ ਇਲਾਕੇ ਵਿੱਚ ਇੱਕ ਬੱਸ ਵਿੱਚ ਸਵਾਰ 26 ਸਾਲਾ ਵਿਅਕਤੀ ਨੂੰ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਸ ਨੂੰ ਥੱਪੜ ਮਾਰੇ ਅਤੇ ਧੱਕੇ ਮਾਰੇ। ਇਸ ਦੌਰਾਨ ਉਸ ਬਾਰੇ ਅਪਮਾਨਜਨਕ ਟਿੱਪਣੀਆਂ ਵੀ ਕੀਤੀਆਂ ਗਈਆਂ।”
ਪੁਲਿਸ ਮੁਤਾਬਕ, ਜਦੋਂ ਪੀੜਤ ਨੇ ਬੱਸ ਡਰਾਈਵਰ ਤੋਂ ਮਦਦ ਮੰਗੀ ਤਾਂ ਮੁਲਜ਼ਮਾਂ ਨੇ ਉਸ ਨੂੰ ਬੱਸ ਵਿੱਚੋਂ ਧੱਕਾ ਦੇ ਕੇ ਬਾਹਰ ਕੱਢ ਦਿੱਤਾ ਅਤੇ ਫ਼ਰਾਰ ਹੋ ਗਏ।
ਦੋਵਾਂ ਘਟਨਾਵਾਂ ਦੇ ਪੀੜਤਾਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ।
ਓਨਟਾਰੀਓ ਦੇ ਨਾਗਰਿਕਤਾ ਅਤੇ ਮਲਟੀਕਚਰਿਜ਼ਮ (ਬਹੁ-ਸਭਿਆਚਾਰਵਾਦ) ਮੰਤਰੀ ਐੱਮਪੀਪੀ ਗ੍ਰਾਹਮ ਮੈਕਗ੍ਰੇਗਰ ਨੇ ਆਪਣੇ ਐਕਸ ਅਕਾਉਂਟ ਉੱਤੇ ਲਿਖਿਆ, ਮੈਂ ਬੈਰੀ ਟ੍ਰਾਂਜ਼ਿਟ ਬੱਸ ਉੱਤੇ ਇੱਕ ਸਿੱਖ ਨਾਲ ਵਾਪਰੀ ਹਿੰਸਾ ਦੀ ਘਟਨਾ ਕਰਕੇ ਕਾਫੀ ਪਰੇਸ਼ਾਨ ਹਾਂ, ਇਸ ਘਟਨਾ ਵਿੱਚ ਉਸ ਦੀ ਪੱਗ ਧੱਕੇ ਨਾਲ ਲਾਹੀ ਗਈ ਅਤੇ ਉੱਤੇ ਬੀਆਰ ਪਾਈ ਗਈ।"
ਉਨ੍ਹਾਂ ਨੇ ਅੱਗੇ ਲਿਖਿਆ, "ਪੱਗ ਧਰਮ ਦਾ ਇੱਕ ਪਵਿੱਤਰ ਚਿੰਨ੍ਹ ਹੈ, ਇਸ ਨੂੰ ਨਿਸ਼ਾਨਾ ਬਣਾਉਣਾ ਕਿਸੇ ਦੇ ਸਵੈਮਾਣ ਅਤੇ ਧਾਰਮਿਕ ਆਜ਼ਾਦੀ ਉੱਤੇ ਸਿੱਧਾ ਹਮਲਾ ਹੈ।"
ਬੀਬੀਸੀ ਦੇ ਕੈਨੇਡਾ ਪਾਰਟਨਰ ਸੀਬੀਸੀ ਨਿਊਜ਼ ਮੁਤਾਬਕ, ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਵੀ ਇਨ੍ਹਾਂ ਹਮਲਿਆਂ ਦੀ ਨਿੰਦਾ ਕੀਤੀ ਹੈ। ਖ਼ਾਸ ਤੌਰ 'ਤੇ 22 ਸਾਲਾ ਵਿਅਕਤੀ ਨਾਲ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਜਥੇਬੰਦੀ ਨੇ ਬੁੱਧਵਾਰ ਨੂੰ ਐਕਸ 'ਤੇ ਇੱਕ ਪੋਸਟ ਸਾਂਝੀ ਕੀਤੀ।
ਜਥੇਬੰਦੀ ਨੇ ਕਿਹਾ, "ਇਨ੍ਹਾਂ ਘਟਨਾਵਾਂ ਨੂੰ ਅਲੱਗ-ਥਲੱਗ ਵਾਪਰੀਆਂ ਘਟਨਾਵਾਂ ਕਹਿ ਕੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਿੱਖਾਂ ਨੂੰ ਵੱਧ ਤੋਂ ਵੱਧ ਨਿਸ਼ਾਨਾ ਬਣਾਏ ਜਾਣ ਦੇ ਰੁਝਾਨ ਵੱਲ ਗੰਭੀਰਤਾ ਨਾਲ ਧਿਆਨ ਦੇਣ, ਜਵਾਬਦੇਹੀ ਤੈਅ ਕਰਨ ਅਤੇ ਠੋਸ ਕਾਰਵਾਈ ਕਰਨ ਦੀ ਲੋੜ ਹੈ, ਤਾਂ ਜੋ ਕੈਨੇਡਾ ਵਿੱਚ ਸਿੱਖ ਸੁਰੱਖਿਅਤ ਢੰਗ ਨਾਲ ਰਹਿ ਸਕਣ।"
ਕੈਨੇਡਾ ਵਿੱਚ ਨਫ਼ਰਤੀ ਅਪਰਾਧ ਬਾਰੇ ਸਰਕਾਰੀ ਅੰਕੜੇ
ਕੈਨੇਡਾ ਸਰਕਾਰ ਵੱਲੋਂ ਮਾਰਚ 2026 ਵਿੱਚ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ 2024 ਵਿੱਚ ਕੈਨੇਡਾ ਵਿੱਚ ਪੁਲਿਸ ਵੱਲੋਂ ਦਰਜ ਕੀਤੇ ਗਏ ਨਫ਼ਰਤੀ ਅਪਰਾਧਾਂ ਦੀ ਗਿਣਤੀ ਵਿੱਚ ਪਿਛਲੇ ਸਾਲਾਂ ਦੌਰਾਨ ਹੋਏ ਤੇਜ਼ ਵਾਧੇ ਤੋਂ ਬਾਅਦ ਮੁਕਾਬਲਤਨ ਸਥਿਰਤਾ ਦੇਖਣ ਨੂੰ ਮਿਲੀ।
ਕੈਨੇਡਾ ਦੀਆਂ ਪੁਲਿਸ ਸੇਵਾਵਾਂ ਨੇ 2024 ਵਿੱਚ ਨਫ਼ਰਤੀ ਅਪਰਾਧਾਂ ਦੇ 4,882 ਮਾਮਲੇ ਦਰਜ ਕੀਤੇ, ਜੋ 2023 ਦੇ ਮੁਕਾਬਲੇ ਮਾਮੂਲੀ 1 ਫ਼ੀਸਦੀ ਵੱਧ ਸਨ।
ਇਸ ਤੋਂ ਪਹਿਲਾਂ 2022 ਤੋਂ 2023 ਦਰਮਿਆਨ ਨਫ਼ਰਤੀ ਅਪਰਾਧਾਂ ਦੇ ਮਾਮਲਿਆਂ ਵਿੱਚ 34 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।
ਕੁੱਲ ਮਿਲਾ ਕੇ ਪੁਲਿਸ ਵੱਲੋਂ ਦਰਜ ਕੀਤੇ ਜਾਣ ਵਾਲੇ ਨਫ਼ਰਤੀ ਅਪਰਾਧਾਂ ਦੀ ਗਿਣਤੀ ਲਗਾਤਾਰ ਛੇ ਸਾਲਾਂ ਤੋਂ ਵਧ ਰਹੀ ਹੈ ਅਤੇ 2018 ਦੇ ਮੁਕਾਬਲੇ ਇਨ੍ਹਾਂ ਵਿੱਚ 169 ਫ਼ੀਸਦੀ ਦਾ ਵਾਧਾ ਹੋਇਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ