ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਇਸਲਾਮ ਕਬੂਲ ਕਰਨ ਵਾਲੀ ਮਹਿਲਾ ਦੇ ਪਤੀ ਨੇ ਨਿਕਾਹ ਤੋਂ 5 ਦਿਨ ਬਾਅਦ ਹੀ ਦਿੱਤਾ ਤਲਾਕ: 'ਉਸ ਨੇ ਧੋਖੇ ਨਾਲ ਯਕੀਨ ਦਿਵਾਇਆ ਕਿ ਉਹ ਪਿਆਰ ਕਰਦਾ ਸੀ'
- ਲੇਖਕ, ਯੂਨੁਸ ਮੁੱਲਾ
- ਲੇਖਕ, ਲੌਰੇਨ ਹਰਸਟ
- ...ਤੋਂ, ਨੌਰਥ ਵੈਸਟ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਨਿਕਾਹ ਦੇ ਪੰਜ ਦਿਨ ਬਾਅਦ ਜੇਨ ਨੂੰ ਇੱਕ ਮੈਸੇਜ ਮਿਲਿਆ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ।
ਉਨ੍ਹਾਂ ਦੇ ਪਤੀ ਨੇ ਮੈਸੇਜ ਵਿੱਚ ਲਿਖਿਆ, "ਮੈਂ ਤੈਨੂੰ ਤਲਾਕ ਦਿੰਦਾ ਹਾਂ ਅਤੇ ਤਲਾਕ ਦੇ ਚੁੱਕਾ ਹਾਂ।"
ਬੀਬੀਸੀ ਨੇ ਇਸ ਗੱਲ 'ਤੇ ਸਹਿਮਤੀ ਦਿੱਤੀ ਹੈ ਕਿ ਜੇਨ ਦਾ ਅਸਲੀ ਨਾਮ ਸਾਹਮਣੇ ਨਹੀਂ ਲਿਆਂਦਾ ਜਾਵੇਗਾ।
ਜੇਨ ਨੇ ਦੱਸਿਆ ਕਿ 10 ਮਹੀਨੇ ਪਹਿਲਾਂ ਇਸਲਾਮੀ ਵਿਆਹ ਲਈ ਬਣੀ ਵੈੱਬਸਾਈਟ 'ਮੁਜ਼' 'ਤੇ ਉਨ੍ਹਾਂ ਦੀ ਮੁਲਾਕਾਤ ਇੱਕ ਵਿਅਕਤੀ ਨਾਲ ਹੋਈ ਸੀ।
ਉਸ ਸਮੇਂ ਜੇਨ ਨੂੰ ਲੱਗਦਾ ਸੀ ਕਿ ਉਸ ਵਿਅਕਤੀ ਦਾ ਨਾਮ ਐਡਮ ਹੈ ਅਤੇ ਉਹ ਮੈਨਚੈਸਟਰ ਵਿੱਚ ਰਹਿੰਦਾ ਹੈ।
ਉਨ੍ਹਾਂ ਕਿਹਾ, "ਮੇਰੇ ਲਈ ਇਹ ਸਭ ਬਹੁਤ ਮੁਸ਼ਕਿਲ ਹੈ। ਮੈਨੂੰ ਲੱਗਦਾ ਸੀ ਕਿ ਮੈਂ ਵਿਆਹ ਕਰਨ ਜਾ ਰਹੀ ਹਾਂ, ਪਰ ਇਸ ਦੀ ਬਜਾਏ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਸੁਪਨਾ ਸ਼ੁਰੂ ਹੋ ਗਿਆ।"
"ਇਹ ਸਭ ਬਹੁਤ ਅਜੀਬ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਸੈਕਸ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਿਉਂ ਕਰਦੇ ਹਨ।"
ਜੇਨ ਨੇ ਦੱਸਿਆ ਕਿ ਦੋਵਾਂ ਨੇ ਮਿਲਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਛੇ ਮਹੀਨੇ ਤੱਕ ਆਨਲਾਈਨ ਚੈਟ ਅਤੇ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦਾ ਰਿਸ਼ਤਾ ਸੱਚਾ ਹੈ। ਇਸ ਲਈ ਜਦੋਂ ਉਸ ਵਿਅਕਤੀ ਨੇ ਵਿਆਹ ਦਾ ਪ੍ਰਸਤਾਵ ਦਿੱਤਾ, ਤਾਂ ਉਨ੍ਹਾਂ ਨੇ ਉਸ ਦੀਆਂ ਗੱਲਾਂ 'ਤੇ ਸ਼ੱਕ ਨਹੀਂ ਕੀਤਾ।
ਉਨ੍ਹਾਂ ਕਿਹਾ, "ਉਸ ਨੇ ਮੈਨੂੰ ਯਕੀਨ ਦਿਵਾਇਆ ਸੀ ਕਿ ਉਹ ਮੈਨੂੰ ਪਿਆਰ ਕਰਦਾ ਹੈ ਅਤੇ ਮੇਰੇ ਨਾਲ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਹੈ। ਇਸ ਲਈ ਮੇਰੇ ਕੋਲ ਉਸ 'ਤੇ ਸ਼ੱਕ ਕਰਨ ਦੀ ਕੋਈ ਵਜ੍ਹਾ ਨਹੀਂ ਸੀ।"
ਬਾਅਦ ਵਿੱਚ ਜੇਨ ਨੂੰ ਪਤਾ ਲੱਗਾ ਕਿ ਐਡਮ ਦਾ ਅਸਲੀ ਨਾਮ ਕੁਝ ਹੋਰ ਸੀ ਅਤੇ ਉਹ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ।
ਐਡਮ ਦੇ ਵਕੀਲਾਂ ਨੇ ਕਿਹਾ ਕਿ ਉਸ ਨੇ ਜੇਨ ਦੇ ਸਾਰੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ।
2 ਜੂਨ ਨੂੰ ਇਸਲਾਮ ਧਰਮ ਕਬੂਲ ਕਰਨ ਵਾਲੇ ਜੇਨ, ਨਿਕਾਹ ਕਰਨ ਲਈ ਲੰਕਾਸ਼ਾਇਰ ਦੇ ਬ੍ਰੀਅਰਫੀਲਡ ਗਏ ਸੀ। ਨਿਕਾਹ, ਇਸਲਾਮ ਵਿੱਚ ਵਿਆਹ ਕਰਨ ਦੀ ਇੱਕ ਰਸਮ ਹੈ, ਜੋ ਇਸਲਾਮੀ ਨਿਯਮਾਂ ਮੁਤਾਬਕ ਹੁੰਦੀ ਹੈ।
ਹਾਲਾਂਕਿ, ਇਸ ਤਰ੍ਹਾਂ ਦਾ ਨਿਕਾਹ ਕਾਨੂੰਨੀ ਵਿਆਹ ਤੋਂ ਵੱਖਰਾ ਹੁੰਦਾ ਹੈ। ਇੰਗਲੈਂਡ ਅਤੇ ਵੇਲਜ਼ ਵਿੱਚ ਇਸ ਨੂੰ ਕਾਨੂੰਨੀ ਵਿਆਹ ਦਾ ਦਰਜਾ ਨਹੀਂ ਮਿਲਿਆ ਹੋਇਆ।
ਜੇਨ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਵਿਚਕਾਰ ਆਪਣੇ ਜੱਦੀ ਸ਼ਹਿਰ ਗਲਾਸਗੋ ਵਿੱਚ ਵਿਆਹ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਦੇ ਹੋਣ ਵਾਲੇ ਪਤੀ ਨੂੰ ਸਕਾਟਲੈਂਡ ਵਿੱਚ ਵਿਆਹ ਕਰਨ 'ਤੇ ਇਤਰਾਜ਼ ਸੀ।
ਹੁਣ ਜੇਨ ਇਸ ਗੱਲ ਨੂੰ ਇੱਕ ਚਿਤਾਵਨੀ ਵਜੋਂ ਦੇਖਦੇ ਹਨ।
ਜੇਨ ਨੇ ਦੱਸਿਆ, "ਸਕਾਟਲੈਂਡ ਵਿੱਚ ਕਾਨੂੰਨੀ ਵਿਆਹ ਅਤੇ ਨਿਕਾਹ ਇੱਕੋ ਸਮੇਂ ਕਰਨ ਲਈ ਕਿਹਾ ਗਿਆ ਸੀ।"
ਉਨ੍ਹਾਂ ਦੱਸਿਆ ਕਿ ਇਸ 'ਤੇ ਉਨ੍ਹਾਂ ਦੇ ਪਤੀ ਨੇ ਕਿਹਾ, 'ਉਨ੍ਹਾਂ ਨੂੰ ਮੇਰੀ ਆਈਡੀ ਦੇਖਣ ਦੀ ਕੀ ਲੋੜ ਹੈ? ਮੇਰਾ ਮਤਲਬ ਹੈ ਕਿ ਨਿਕਾਹ ਬਹੁਤ ਸੌਖੀ ਪ੍ਰਕਿਰਿਆ ਹੈ ਅਤੇ ਉਨ੍ਹਾਂ ਨੂੰ ਮੇਰੀ ਆਈਡੀ ਦੇਖਣ ਦੀ ਬਿਲਕੁਲ ਵੀ ਲੋੜ ਨਹੀਂ ਹੈ।'
"ਅਤੇ ਇਸੇ ਲਈ ਉਹ ਇਸ ਗੱਲ ਤੋਂ ਉਹ ਬਹੁਤ ਪਰੇਸ਼ਾਨ ਸੀ।"
ਜੇਨ ਨੇ ਦੱਸਿਆ ਕਿ ਬ੍ਰੀਅਰਫੀਲਡ ਵਿੱਚ ਨਿਕਾਹ ਦੋ ਇਮਾਮਾਂ ਦੀ ਮੌਜੂਦਗੀ ਵਿੱਚ ਹੋਇਆ ਸੀ, ਜਿਨ੍ਹਾਂ ਨੇ ਗਵਾਹ ਵਜੋਂ ਭੂਮਿਕਾ ਨਿਭਾਈ। ਇਸ ਤੋਂ ਬਾਅਦ ਪਤੀ-ਪਤਨੀ ਨੇ ਇੱਕ ਹੋਟਲ ਵਿੱਚ ਦੋ ਰਾਤਾਂ ਬਿਤਾਈਆਂ।
ਹਾਲਾਂਕਿ, ਵਿਆਹ ਦੇ ਸਿਰਫ਼ ਪੰਜ ਦਿਨ ਬਾਅਦ ਜੇਨ ਨੂੰ ਇੱਕ ਮੈਸੇਜ ਮਿਲਿਆ, ਜਿਸ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਦਾ ਰਿਸ਼ਤਾ ਖ਼ਤਮ ਹੋ ਚੁੱਕਾ ਹੈ।
ਜੇਨ ਨੇ ਦੱਸਿਆ ਕਿ ਇਹ ਸਭ ਦੇਖ ਕੇ ਉਹ ਹੈਰਾਨੀ ਅਤੇ ਉਲਝਣ ਵਿੱਚ ਪੈ ਗਏ ਸਨ। ਉਨ੍ਹਾਂ ਨੇ ਇਸ ਨਿਕਾਹ ਨੂੰ ਇੱਕ "ਫ਼ਰਜ਼ੀ ਵਿਆਹ" ਦੱਸਿਆ।
ਜੇਨ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਇਹ "ਹੈਰਾਨ ਕਰਨ ਵਾਲਾ" ਤਜਰਬਾ ਭਾਵਨਾਤਮਕ ਸ਼ੋਸ਼ਣ ਅਤੇ ਜਿਨਸੀ ਸ਼ੋਸ਼ਣ ਦੇ ਬਰਾਬਰ ਸੀ।
ਬੀਬੀਸੀ ਨੂੰ ਮਿਲੀ ਜਾਣਕਾਰੀ ਅਨੁਸਾਰ, ਉਹ ਵਿਅਕਤੀ ਅਜੇ ਵੀ ਇੱਕ ਹੋਰ ਮਹਿਲਾ ਨਾਲ ਕਾਨੂੰਨੀ ਅਤੇ ਧਾਰਮਿਕ, ਦੋਵਾਂ ਤਰ੍ਹਾਂ ਨਾਲ ਵਿਆਹਿਆ ਹੋਇਆ ਹੈ।
ਆਪਣੇ ਵਕੀਲਾਂ ਰਾਹੀਂ ਦਿੱਤੇ ਗਏ ਇੱਕ ਵਿਸਤ੍ਰਿਤ ਜਵਾਬ ਵਿੱਚ ਉਸ ਵਿਅਕਤੀ ਨੇ ਕਿਹਾ ਕਿ ਇਹ ਇਲਜ਼ਾਮ ਉਸ ਦੇ ਖ਼ਿਲਾਫ਼ ਲਗਾਤਾਰ ਚਲਾਈ ਜਾ ਰਹੀ ਮੁਹਿੰਮ ਦਾ ਹਿੱਸਾ ਹਨ। ਉਸ ਨੇ ਕਿਹਾ ਕਿ ਇਨ੍ਹਾਂ ਇਲਜ਼ਾਮਾਂ ਦੇ ਸਮਰਥਨ ਵਿੱਚ ਕੋਈ ਸਬੂਤ ਨਹੀਂ ਹੈ ਅਤੇ ਇਹ ਪੂਰੀ ਤਰ੍ਹਾਂ ਝੂਠੇ ਹਨ।
ਵਕੀਲਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੇ ਜੇਨ ਨੂੰ ਆਪਣੇ ਪਿਛਲੇ ਵਿਆਹ ਬਾਰੇ ਧੋਖੇ ਵਿੱਚ ਨਹੀਂ ਰੱਖਿਆ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਜੇਨ ਨਾਲ ਨਿਕਾਹ ਦੌਰਾਨ ਉਸ ਨੇ ਆਪਣੀ ਪਛਾਣ ਨਹੀਂ ਲੁਕਾਈ ਸੀ, ਕਿਉਂਕਿ ਉਸ ਨੇ ਆਪਣਾ ਡਰਾਈਵਿੰਗ ਲਾਇਸੈਂਸ ਦਿਖਾਇਆ ਸੀ।
ਨਿਕਾਹ ਕਰਵਾਉਣ ਵਾਲੇ ਇਮਾਮ ਨੇ ਕੀ ਦੱਸਿਆ
ਬੀਬੀਸੀ ਨੇ ਜੇਨ ਦੇ ਇਸਲਾਮੀ ਵਿਆਹ ਦੇ ਸਰਟੀਫਿਕੇਟ ਦੀ ਇੱਕ ਕਾਪੀ ਦੇਖੀ ਹੈ, ਜੋ ਉਨ੍ਹਾਂ ਨੂੰ ਮਸਜਿਦ ਵੱਲੋਂ ਦਿੱਤੀ ਗਈ ਸੀ। ਇਸ ਸਰਟੀਫਿਕੇਟ ਵਿੱਚ ਕਈ ਜਾਣਕਾਰੀਆਂ ਗਾਇਬ ਸਨ ਅਤੇ ਕੁਝ ਗ਼ਲਤ ਸਨ।
ਨਿਕਾਹ ਕਰਵਾਉਣ ਵਾਲੇ ਇਮਾਮ ਮੁਫ਼ਤੀ ਅਦੀਲ ਜ਼ਮਾਨ ਨੇ ਕਿਹਾ ਕਿ ਇਹ ਵਿਆਹ ਦੋ ਬਾਲਗ ਲੋਕਾਂ ਦੀ ਮਰਜ਼ੀ ਨਾਲ ਹੋਇਆ ਸੀ ਅਤੇ ਉਹ ਖ਼ੁਸ਼ ਨਜ਼ਰ ਆ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਿਆ ਕਿ ਅੱਗੇ ਸਵਾਲ ਪੁੱਛਣਾ ਉਨ੍ਹਾਂ ਦੀ ਜ਼ਿੰਮੇਵਾਰੀ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, "ਜੋ ਕੁਝ ਹੋਇਆ, ਉਸ ਤੋਂ ਸਾਨੂੰ ਬਹੁਤ ਦੁੱਖ ਹੋਇਆ ਹੈ।"
ਉਨ੍ਹਾਂ ਕਿਹਾ, "ਸ਼ੁਰੂ ਤੋਂ ਹੀ ਸਾਡਾ ਮਕਸਦ ਸਾਰੇ ਲੋਕਾਂ ਨਾਲ ਨਿਰਪੱਖ ਵਿਵਹਾਰ ਕਰਦਿਆਂ ਉਨ੍ਹਾਂ ਨੂੰ ਲੋੜੀਂਦੀ ਮਦਦ ਦੇਣਾ ਰਿਹਾ ਹੈ। ਇਸ ਦੇ ਨਾਲ ਹੀ, ਅਸੀਂ ਆਪਣੀ ਗੱਲ ਸਿਰਫ਼ ਉਨ੍ਹਾਂ ਮਾਮਲਿਆਂ ਤੱਕ ਹੀ ਸੀਮਤ ਰੱਖੀ ਹੈ, ਜਿਨ੍ਹਾਂ ਬਾਰੇ ਸਾਨੂੰ ਸਿੱਧੇ ਤੌਰ 'ਤੇ ਜਾਣਕਾਰੀ ਹੈ।"
ਉਨ੍ਹਾਂ ਮੰਨਿਆ ਕਿ ਪਛਾਣ ਦੀ ਜਾਂਚ ਕਰਨ ਵਿੱਚ ਗ਼ਲਤੀਆਂ ਹੋਈਆਂ ਸਨ। ਹਾਲਾਂਕਿ, ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਉਸ ਵਿਅਕਤੀ ਦੀ ਅਸਲੀ ਪਛਾਣ ਪਤਾ ਲਗਾਉਣ ਵਿੱਚ ਮਦਦ ਕੀਤੀ ਸੀ, ਜਿਸ ਨਾਲ ਜੇਨ ਨੇ ਵਿਆਹ ਕੀਤਾ ਸੀ।
ਲੰਕਾਸ਼ਾਇਰ ਕੌਂਸਲ ਆਫ਼ ਮੌਸਕਸ ਨੇ ਵੀ ਇਸ ਮਾਮਲੇ 'ਤੇ ਗੱਲ ਕੀਤੀ। ਇਹ ਸੰਸਥਾ ਵਿਆਹ ਟੁੱਟਣ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਵਿੱਚ ਸ਼ਾਮਿਲ ਰਹੀ ਹੈ। ਸੰਸਥਾ ਨੇ ਕਿਹਾ ਕਿ ਅਜਿਹੇ ਨਿਕਾਹ ਕਰਵਾਉਣ ਵਾਲਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਜ਼ਰੂਰੀ ਜਾਂਚ ਕਰਨ।
ਗ੍ਰੇਟਰ ਮੈਨਚੈਸਟਰ ਦੇ ਓਲਡਹੈਮ ਵਿੱਚ ਮੌਜੂਦ 'ਨਿਊ ਬਿਗਿਨਿੰਗਜ਼' ਨਾਂ ਦਾ ਇੱਕ ਸਮੂਹ ਇਸਲਾਮ ਕਬੂਲ ਕਰਨ ਵਾਲੇ ਲੋਕਾਂ ਨੂੰ ਸੇਵਾਵਾਂ ਦਿੰਦਾ ਹੈ। ਇਸ ਸਮੂਹ ਨੇ ਕਿਹਾ ਕਿ ਉਸ ਨੂੰ ਅਜਿਹੇ ਮਾਮਲੇ ਮਿਲੇ ਹਨ, ਜਿਨ੍ਹਾਂ ਵਿੱਚ ਲੋਕਾਂ ਨੇ ਮੁਸਲਿਮ ਭਾਈਚਾਰੇ ਦੇ ਅੰਦਰ ਦੂਜਿਆਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ।
ਸਮੂਹ ਦੇ ਸੰਸਥਾਪਕ ਬਿਲਾਲ ਬ੍ਰਾਊਨ ਨੇ ਕਿਹਾ, "ਅਸੀਂ ਆਪਣੇ ਭਾਈਚਾਰੇ ਯਾਨੀ ਮੁਸਲਿਮ ਭਾਈਚਾਰੇ ਵਿੱਚ ਅਜਿਹੇ ਧੋਖੇਬਾਜ਼ ਲੋਕਾਂ ਬਾਰੇ ਜਾਣਦੇ ਹਾਂ, ਜੋ ਦੂਜਿਆਂ ਨੂੰ ਧੋਖਾ ਦੇਣ ਲਈ ਘੁੰਮ ਰਹੇ ਹਨ।"
ਉਨ੍ਹਾਂ ਕਿਹਾ ਕਿ ਜੇਕਰ ਕੋਈ ਰਿਸ਼ਤਾ ਜਾਂ ਵਿਆਹ ਬਹੁਤ ਜਲਦਬਾਜ਼ੀ ਵਿੱਚ ਹੋ ਰਿਹਾ ਹੈ ਜਾਂ ਉਸ ਵਿੱਚ ਪਰਿਵਾਰ ਦੇ ਹੋਰ ਲੋਕ ਸ਼ਾਮਿਲ ਨਹੀਂ ਹਨ, ਤਾਂ ਇਹ ਸਪਸ਼ਟ ਸੰਕੇਤ ਹੋ ਸਕਦੇ ਹਨ ਕਿ ਕੁਝ ਠੀਕ ਨਹੀਂ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਹਾਲਾਤ ਵਿੱਚ ਇਸਲਾਮ ਕਬੂਲ ਕਰਨ ਵਾਲੇ ਲੋਕ ਖ਼ਾਸ ਤੌਰ 'ਤੇ ਧੋਖੇ ਦਾ ਸ਼ਿਕਾਰ ਹੋ ਸਕਦੇ ਹਨ।
ਲੰਕਾਸ਼ਾਇਰ ਦੇ ਸਾਬਕਾ ਅਸਿਸਟੈਂਟ ਪੁਲਿਸ ਅਤੇ ਕ੍ਰਾਈਮ ਕਮਿਸ਼ਨਰ ਸਾਇਮਾ ਅਫ਼ਜ਼ਲ ਨੇ ਬੀਬੀਸੀ ਨੌਰਥ ਵੈਸਟ ਟੁਨਾਈਟ ਨੂੰ ਦੱਸਿਆ ਕਿ ਇਸਲਾਮੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਨਾ ਮਿਲਣ ਕਾਰਨ ਕੁਝ ਮਹਿਲਾਵਾਂ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ।
ਉਨ੍ਹਾਂ ਕਿਹਾ, "ਤੁਸੀਂ ਅਕਸਰ ਨਿਕਾਹ ਨਾਲ ਜੁੜੀ ਇਸ ਕਾਨੂੰਨੀ ਖ਼ਾਮੀ ਬਾਰੇ ਸੁਣਦੇ ਹੋ। ਲੋਕ ਕਹਿੰਦੇ ਹਨ ਕਿ ਅਸੀਂ ਕਿਸੇ 'ਤੇ ਦੋ ਵਿਆਹ ਕਰਨ ਦਾ ਮਾਮਲਾ ਨਹੀਂ ਚਲਾ ਸਕਦੇ, ਕਿਉਂਕਿ ਬ੍ਰਿਟੇਨ ਵਿੱਚ ਨਿਕਾਹ ਨੂੰ ਕਾਨੂੰਨੀ ਮਾਨਤਾ ਨਹੀਂ ਹੈ।"
"ਨਿਕਾਹ ਦੀ ਇਸ ਗੱਲ ਨੂੰ ਇੱਕ ਪਾਸੇ ਰੱਖ ਕੇ ਇੱਥੇ ਲੋਕਾਂ ਦੇ ਵਿਵਹਾਰ ਨੂੰ ਦੇਖਦੇ ਹਾਂ।"
"ਇੱਥੇ ਇੱਕ ਮਹਿਲਾ ਨੂੰ ਧੋਖੇ ਵਿੱਚ ਰੱਖਣਾ, ਉਸ ਨਾਲ ਹੇਰਾਫੇਰੀ ਕਰਨਾ ਅਤੇ ਉਸ ਨੂੰ ਆਪਣੇ ਜਾਲ ਵਿੱਚ ਫਸਾਉਣਾ ਸ਼ਾਮਿਲ ਹੈ।"
"ਯਾਨੀ ਇਹ ਧੋਖਾਧੜੀ ਹੈ।"
2018 ਵਿੱਚ ਸੰਸਦ ਸਾਹਮਣੇ ਪੇਸ਼ ਕੀਤੀ ਗਈ ਇੱਕ ਸੁਤੰਤਰ ਰਿਪੋਰਟ ਵਿੱਚ ਪਾਇਆ ਗਿਆ ਸੀ ਕਿ ਵੱਡੀ ਗਿਣਤੀ ਵਿੱਚ ਇਸਲਾਮੀ ਵਿਆਹਾਂ ਤੋਂ ਬਾਅਦ ਕਾਨੂੰਨੀ ਵਿਆਹ ਨਹੀਂ ਕੀਤਾ ਜਾਂਦਾ। ਇਸ ਕਾਰਨ ਲੋਕਾਂ ਨੂੰ ਕਾਨੂੰਨੀ ਵਿਆਹ ਤੋਂ ਮਿਲਣ ਵਾਲੀ ਸੁਰੱਖਿਆ ਅਤੇ ਅਧਿਕਾਰ ਨਹੀਂ ਮਿਲ ਪਾਉਂਦੇ।
ਸਕਾਟਲੈਂਡ ਪੁਲਿਸ ਨੇ ਕਿਹਾ ਕਿ ਸਕਾਟਲੈਂਡ ਵਿੱਚ ਇਸ ਮਾਮਲੇ ਵਿੱਚ ਕਿਸੇ ਅਪਰਾਧਿਕ ਗਤੀਵਿਧੀ ਦੀ ਪੁਸ਼ਟੀ ਨਹੀਂ ਹੋਈ ਹੈ।
ਗ੍ਰੇਟਰ ਮੈਨਚੈਸਟਰ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੂੰ ਜੇਨ ਵੱਲੋਂ ਕੀਤੀ ਗਈ ਸ਼ਿਕਾਇਤ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।
'ਮੁਜ਼' ਨੇ ਕਿਹਾ ਕਿ ਉਸ ਵਿਅਕਤੀ ਨੂੰ ਆਪਣੇ ਪਲੇਟਫਾਰਮ ਤੋਂ ਹਮੇਸ਼ਾ ਲਈ ਬਲੌਕ ਕਰ ਦਿੱਤਾ ਹੈ।
ਕੰਪਨੀ ਦੇ ਚੀਫ਼ ਐਗਜ਼ੀਕਿਊਟਿਵ ਸ਼ਹਿਜ਼ਾਦ ਯੂਨੁਸ ਨੇ ਕਿਹਾ, "ਅਸੀਂ ਐਪ ਦੀ ਵਰਤੋਂ ਕਰਨ ਵਾਲਿਆਂ ਨੂੰ ਪੁੱਛਦੇ ਹਾਂ ਕਿ ਕੀ ਉਹ ਵਿਆਹੇ ਹੋਏ ਹਨ, ਭਾਵੇਂ ਉਨ੍ਹਾਂ ਦਾ ਵਿਆਹ ਕਾਨੂੰਨੀ ਹੋਵੇ ਜਾਂ ਕਿਸੇ ਹੋਰ ਤਰੀਕੇ ਨਾਲ ਹੋਇਆ ਹੋਵੇ।"
"ਜੇਕਰ ਉਹ ਵਿਆਹੇ ਹੋਏ ਹਨ, ਤਾਂ ਅਸੀਂ ਸਾਈਨ-ਅੱਪ ਦੌਰਾਨ ਉਨ੍ਹਾਂ ਨੂੰ ਐਪ ਤੋਂ ਬਲੌਕ ਕਰ ਦਿੰਦੇ ਹਾਂ।"
ਉਨ੍ਹਾਂ ਕਿਹਾ ਕਿ ਕੰਪਨੀ ਆਪਣੀ ਆਮ ਜਾਂਚ ਦੇ ਹਿੱਸੇ ਵਜੋਂ ਈਮੇਲ, ਫ਼ੋਨ ਨੰਬਰ, ਡਿਵਾਈਸ ਅਤੇ ਸੈਲਫ਼ੀ ਦੀ ਜਾਂਚ ਕਰਦੀ ਹੈ। ਹਾਲਾਂਕਿ, ਆਈਡੈਂਟਟੀ ਵੈਰੀਫਿਕੇਸ਼ਨ ਵਿਕਲਪਿਕ ਹੈ।
ਪ੍ਰੋਫ਼ਾਈਲ 'ਤੇ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕਿਹੜੀ ਜਾਂਚ ਪੂਰੀ ਹੋਈ ਹੈ ਅਤੇ ਕਿਹੜੀ ਨਹੀਂ।
ਜੇਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਮਾਮਲੇ ਤੋਂ ਦੂਜੀਆਂ ਮਹਿਲਾਵਾਂ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਕਿਹਾ, "ਜੇਕਰ ਮੈਂ ਆਪਣੇ ਵਰਗੀ ਕਿਸੇ ਹੋਰ ਮਹਿਲਾ ਨੂੰ ਇਸ ਤਰ੍ਹਾਂ ਦੇ ਧੋਖੇ ਤੋਂ ਬਚਾਉਣ ਵਿੱਚ ਮਦਦ ਕਰ ਸਕਾਂ, ਤਾਂ ਇਹ ਮੇਰੇ ਲਈ ਵੱਡੀ ਜਿੱਤ ਹੋਵੇਗੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ