ਸੌਣ ਤੋਂ ਪਹਿਲਾਂ ਕੁਝ ਖਾਣ ਦੀ ਤਲਬ ਕਿਉਂ ਹੁੰਦੀ ਹੈ, ਅਜਿਹਾ ਕਿਉਂ ਹੁੰਦਾ ਹੈ ਅਤੇ ਕਿਵੇਂ ਇਸ ਤੋਂ ਬਚੀਏ

    • ਲੇਖਕ, ਨਿੱਕ ਟ੍ਰਿਗਲ
    • ਰੋਲ, ਹੈਲਥ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਤੁਸੀਂ ਰਾਤ ਦਾ ਖਾਣਾ ਖਾਦਾ ਅਤੇ ਭਰੇ ਢਿੱਡ ਨਾਲ ਸੌਣ ਲਈ ਗਏ ਪਰ ਅੱਧੇ ਘੰਟੇ ਬਾਅਦ ਹੀ ਤੁਸੀਂ ਰਸੋਈ ਵਿੱਚ ਕੁਝ ਖਾਣ ਲਈ ਲੱਭਣ ਲੱਗੋਂ ਕੀ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ?

ਖੋਜ ਮੁਤਾਬਕ, ਲਗਭਗ ਹਰ ਤਿੰਨ ਵਿੱਚੋਂ ਇੱਕ ਵਿਅਕਤੀ ਰਾਤ ਦੇ ਖਾਣੇ ਤੋਂ ਬਾਅਦ ਹਰ ਰੋਜ਼ ਕੁਝ ਨਾ ਕੁਝ ਖਾਂਦਾ ਹੈ।

18 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਇਹ ਰੁਝਾਨ ਹੋਰ ਵੀ ਜ਼ਿਆਦਾ ਹੈ। ਇਸ ਉਮਰ ਵਰਗ ਦੇ ਪੰਜ ਵਿੱਚੋਂ ਚਾਰ ਵਿਅਕਤੀ ਰਾਤ ਨੂੰ ਕੁਝ ਖਾਣ ਦੀ ਇੱਛਾ 'ਤੇ ਕਾਬੂ ਨਹੀਂ ਪਾ ਪਾਉਂਦੇ।

ਡਾਇਟੀਸ਼ੀਅਨ ਡਾਕਟਰ ਕ੍ਰਿਸਟੀਨ ਬਿਊਲੀਉ ਦਾ ਕਹਿਣਾ ਹੈ ਕਿ ਇਹ ਚਿੰਤਾ ਦਾ ਵਿਸ਼ਾ ਹੈ। ਉਹ ਅਜਿਹੇ ਅਧਿਐਨਾਂ ਦਾ ਹਵਾਲਾ ਦਿੰਦੇ ਹਨ, ਜਿਨ੍ਹਾਂ ਮੁਤਾਬਕ ਸੌਣ ਤੋਂ ਦੋ ਘੰਟੇ ਪਹਿਲਾਂ ਜਿੰਨਾ ਜ਼ਿਆਦਾ ਖਾਣਾ ਖਾਧਾ ਜਾਂਦਾ ਹੈ, ਭਾਰ ਵਧਣ ਅਤੇ ਮੋਟਾਪੇ ਦਾ ਖ਼ਤਰਾ ਵੀ ਓਨਾ ਹੀ ਵਧ ਜਾਂਦਾ ਹੈ।

ਤਾਂ ਫਿਰ ਰਾਤ ਵੇਲੇ ਕੁਝ ਖਾਣ ਦੀ ਇੱਛਾ ਇੰਨੀ ਆਮ ਕਿਉਂ ਹੈ? ਅਤੇ ਇਸ 'ਤੇ ਕਾਬੂ ਪਾਉਣ ਲਈ ਤੁਸੀਂ ਕੀ ਕਰ ਸਕਦੇ ਹੋ?

ਸ਼ਾਮ ਵੇਲੇ ਭੁੱਖ ਸਭ ਤੋਂ ਵੱਧ ਲੱਗਦੀ ਹੈ

ਭਾਵੇਂ ਅਸੀਂ ਸੌਣ ਵੇਲੇ ਲੰਬੇ ਸਮੇਂ ਤੱਕ ਕੁਝ ਖਾਧੇ ਬਿਨ੍ਹਾਂ ਰਹਿੰਦੇ ਹਾਂ, ਪਰ ਖੋਜ ਦੱਸਦੀ ਹੈ ਕਿ ਸਾਡੀ ਭੁੱਖ ਕੁਦਰਤੀ ਤੌਰ 'ਤੇ ਸ਼ਾਮ ਵੇਲੇ ਸਭ ਤੋਂ ਵੱਧ ਹੁੰਦੀ ਹੈ। ਇਸ ਦਾ ਸਾਡੀ ਇਸ ਗੱਲ ਨਾਲ ਵੀ ਕੋਈ ਖ਼ਾਸ ਸਬੰਧ ਨਹੀਂ ਹੁੰਦਾ ਕਿ ਅਸੀਂ ਦਿਨ ਵੇਲੇ ਕਿੰਨਾ ਅਤੇ ਕੀ ਖਾਧਾ ਹੈ।

ਬਾਥ ਯੂਨੀਵਰਸਿਟੀ ਵਿੱਚ ਸਰੀਰ ਵੱਲੋਂ ਭੋਜਨ ਅਤੇ ਊਰਜਾ ਦੀ ਵਰਤੋਂ ਕਰਨ ਦੇ ਤਰੀਕਿਆਂ ਬਾਰੇ ਖੋਜ ਕਰਨ ਵਾਲੇ ਪ੍ਰੋਫੈਸਰ ਜੇਮਜ਼ ਬੈਟਸ ਦਾ ਕਹਿਣਾ ਹੈ ਕਿ ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਸਾਡੇ ਸਰੀਰ ਵਿੱਚ 'ਭੁੱਖ ਦਾ ਹਾਰਮੋਨ' ਕਹੇ ਜਾਣ ਵਾਲੇ ਗ੍ਰੇਲਿਨ ਦਾ ਪੱਧਰ ਆਮ ਤੌਰ 'ਤੇ ਦਿਨ ਦੇ ਪਿਛਲੇ ਹਿੱਸੇ ਵਿੱਚ ਵਧ ਜਾਂਦਾ ਹੈ।

ਉਹ ਕਹਿੰਦੇ ਹਨ, "ਭੋਜਨ ਖਾਣ ਤੋਂ ਬਾਅਦ ਇਸ ਹਾਰਮੋਨ ਦਾ ਪੱਧਰ ਘਟਦਾ ਹੈ, ਪਰ ਅਜਿਹਾ ਅਸਲ ਵਿੱਚ ਦਿਨ ਦਾ ਪਹਿਲਾ ਖਾਣਾ ਖਾਣ ਤੋਂ ਬਾਅਦ ਹੀ ਹੁੰਦਾ ਹੈ। ਦੁਪਹਿਰ ਜਾਂ ਰਾਤ ਦੇ ਖਾਣੇ ਤੋਂ ਬਾਅਦ ਅਜਿਹਾ ਨਹੀਂ ਹੁੰਦਾ।"

ਪਰ ਤੁਸੀਂ ਕੀ ਖਾਂਦੇ ਹੋ, ਇਹ ਵੀ ਮਾਅਨੇ ਰੱਖਦਾ ਹੈ। ਪ੍ਰੋਟੀਨ, ਫਾਈਬਰ ਅਤੇ ਮਾਤਰਾ ਪੱਖੋਂ ਭਰਪੂਰ ਭੋਜਨ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ।

ਪ੍ਰੋਫੈਸਰ ਬੈਟਸ ਦਾ ਕਹਿਣਾ ਹੈ ਕਿ ਜੇ ਰਾਤ ਦਾ ਖਾਣਾ ਪੌਸ਼ਟਿਕ ਜਾਂ ਢਿੱਡ ਭਰਨ ਵਾਲਾ ਨਾ ਹੋਵੇ ਤਾਂ ਕੁਝ ਸਮੇਂ ਬਾਅਦ ਸਰੀਰ ਵਿੱਚ ਊਰਜਾ ਦਾ ਪੱਧਰ ਅਚਾਨਕ ਡਿੱਗ ਸਕਦਾ ਹੈ। ਇਸ ਕਾਰਨ ਲੋਕ ਰਾਤ ਨੂੰ ਕੁਝ ਨਾ ਕੁਝ ਖਾਣ ਲੱਗ ਪੈਂਦੇ ਹਨ।

ਕੁਝ ਲੋਕਾਂ ਨੂੰ ਇਹ ਡਰ ਲੱਗਿਆ ਰਹਿੰਦਾ ਹੈ ਕਿ ਜੇ ਰਾਤ ਨੂੰ ਭੁੱਖ ਲੱਗੀ ਤਾਂ ਨੀਂਦ ਖੁੱਲ੍ਹ ਜਾਵੇਗੀ ਉਹ ਇਸ ਲਈ ਵੀ ਸੌਣ ਤੋਂ ਪਹਿਲਾਂ ਕੋਈ ਸਨੈਕ ਖਾਂਦੇ ਹਨ। ਇਸ ਤੋਂ ਇਲਾਵਾ, ਖਾਣ-ਪੀਣ ਦੀਆਂ ਆਦਤਾਂ ਵੀ ਇਸ ਵਿੱਚ ਭੂਮਿਕਾ ਨਿਭਾਉਂਦੀਆਂ ਹਨ।

ਬਰਮਿੰਘਮ ਯੂਨੀਵਰਸਿਟੀ ਵਿੱਚ ਭੁੱਖ ਬਾਰੇ ਮਾਹਰ ਪ੍ਰੋਫੈਸਰ ਸੁਜ਼ੈਨ ਹਿਗਜ਼ ਕਹਿੰਦੇ ਹਨ, "ਜੇ ਕੋਈ ਵਿਅਕਤੀ ਕਿਸੇ ਖ਼ਾਸ ਸਮੇਂ ਜਾਂ ਮਾਹੌਲ ਵਿੱਚ ਕੁਝ ਖਾਣ ਦਾ ਆਦੀ ਹੋਵੇ ਤਾਂ ਉਸ ਮਾਹੌਲ ਜਾਂ ਸਮੇਂ ਨਾਲ ਜੁੜੇ ਸੰਕੇਤ ਵੀ ਉਸ ਵਿੱਚ ਕੁਝ ਖਾਣ ਦੀ ਇੱਛਾ ਪੈਦਾ ਕਰ ਸਕਦੇ ਹਨ।"

ਉਹ ਉਦਾਹਰਨ ਦਿੰਦਿਆਂ ਕਹਿੰਦੇ ਹਨ, "ਜੇ ਕੋਈ ਵਿਅਕਤੀ ਆਮ ਤੌਰ 'ਤੇ ਟੀਵੀ ਦੇਖਦੇ ਸਮੇਂ ਕੁਝ ਖਾਂਦਾ ਹੈ ਤਾਂ ਸਿਰਫ਼ ਟੀਵੀ ਚਲਾਉਣ ਨਾਲ ਹੀ ਉਸ ਦੀ ਕੁਝ ਖਾਣ ਦੀ ਇੱਛਾ ਪੈਦਾ ਹੋ ਸਕਦੀ ਹੈ।"

ਮਿੱਠੀਆਂ ਚੀਜ਼ਾਂ ਖਾਣ ਦੀ ਇੱਛਾ ਇੰਨੀ ਜ਼ਿਆਦਾ ਕਿਉਂ ਹੁੰਦੀ ਹੈ?

ਦਿਨ ਦੇ ਪਿਛਲੇ ਪਹਿਰ ਸਿਰਫ਼ ਭੁੱਖ ਹੀ ਨਹੀਂ ਵਧਦੀ, ਸਗੋਂ ਵੱਧ ਕੈਲੋਰੀਜ਼ ਵਾਲੇ ਭੋਜਨ ਖਾਣ ਦੀ ਇੱਛਾ ਵੀ ਤੇਜ਼ ਹੋ ਜਾਂਦੀ ਹੈ। ਖੋਜ ਦੱਸਦੀ ਹੈ ਕਿ ਇਸ ਪਿੱਛੇ ਊਰਜਾ ਦੀ ਅਸਲ ਲੋੜ ਨਾਲੋਂ ਦਿਮਾਗ਼ ਦਾ ਰਿਵਾਰਡ ਸਿਸਟਮ ਵਧੇਰੇ ਜ਼ਿੰਮੇਵਾਰ ਹੁੰਦਾ ਹੈ।

ਲੀਡਜ਼ ਯੂਨੀਵਰਸਿਟੀ ਅਤੇ ਕੈਨੇਡਾ ਦੀ ਯੂਨੀਵਰਸਿਟੀ ਆਫ਼ ਮੋਨਕਟਨ ਵਿੱਚ ਖੋਜ ਕਾਰਜ ਕਰਨ ਵਾਲੇ ਡਾਕਟਰ ਕ੍ਰਿਸਟਿਨ ਬਿਊਲੀਉ ਕਹਿੰਦੇ ਹਨ, "ਦਿਨ ਦੇ ਪਿਛਲੇ ਹਿੱਸੇ ਵਿੱਚ ਘੱਟ ਚਰਬੀ ਵਾਲੇ ਭੋਜਨ ਦੇ ਮੁਕਾਬਲੇ ਵੱਧ ਚਰਬੀ ਵਾਲੇ ਭੋਜਨ ਖਾਣ ਸਾਡੀ ਇੱਛਾ ਵਧ ਜਾਂਦੀ ਹੈ।"

ਉਹ ਕਹਿੰਦੇ ਹਨ, "ਭੋਜਨ ਦੇ ਸੁਆਦ ਅਤੇ ਉਸ ਤੋਂ ਮਿਲਣ ਵਾਲੇ ਆਨੰਦ ਦੀ ਇਹ ਇੱਛਾ ਪੇਟ ਭਰ ਜਾਣ ਦੇ ਸੰਕੇਤਾਂ 'ਤੇ ਵੀ ਭਾਰੂ ਪੈ ਸਕਦੀ ਹੈ। ਇਸ ਕਾਰਨ ਪੇਟ ਭਰਿਆ ਹੋਣ ਦੇ ਬਾਵਜੂਦ ਅਸੀਂ ਕੁਝ ਖਾਣ ਜਾਂ ਖ਼ਾਸਕਰ ਕੁਝ ਮਿੱਠਾ ਖਾਣ ਦੀ ਇੱਛਾ ਮਹਿਸੂਸ ਕਰਦੇ ਹਾਂ।"

ਰਾਤ ਨੂੰ ਢਿੱਡ ਭਰ ਕੇ ਖਾਣਾ ਖਾਣ ਤੋਂ ਬਾਅਦ ਵੀ ਖੰਡ, ਚਰਬੀ ਜਾਂ ਨਮਕ ਨਾਲ ਭਰਪੂਰ ਭੋਜਨ ਦਿਮਾਗ਼ ਦੇ ਰਿਵਾਰਡ ਸਿਸਟਮ ਨੂੰ ਸਰਗਰਮ ਕਰਦੇ ਹੋ ਸਕਦੇ ਹਨ। ਇਸ ਨਾਲ ਇਹ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਬਹੁਤ ਸਾਰੇ ਲੋਕਾਂ ਦਾ ਰਾਤ ਦੇ ਖਾਣੇ ਤੋਂ ਬਾਅਦ ਵੀ ਕੁਝ ਹੋਰ ਖਾਣ ਨੂੰ ਦਿਲ ਕਿਉਂ ਕਰਦਾ ਹੈ।

ਇਸ ਲਈ ਜੇ ਰਾਤ 9 ਵਜੇ ਤੁਸੀਂ ਆਪਣੇ ਆਪ ਨੂੰ ਬਿਸਕੁਟਾਂ ਦੇ ਡੱਬੇ ਸਾਹਮਣੇ ਖੜ੍ਹੇ ਪਾਉਂਦੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਅੰਦਰ ਇੱਛਾ-ਸ਼ਕਤੀ ਦੀ ਕਮੀ ਹੈ। ਦਰਅਸਲ, ਤੁਹਾਡੇ ਸਰੀਰ ਦੀ ਜੀਵ-ਵਿਗਿਆਨਕ ਬਣਤਰ ਹੀ ਤੁਹਾਡੇ ਲਈ ਇਸ ਇੱਛਾ 'ਤੇ ਕਾਬੂ ਪਾਉਣਾ ਔਖਾ ਬਣਾ ਰਹੀ ਹੁੰਦੀ ਹੈ।

ਕੀ ਦੇਰ ਰਾਤ ਖਾਣ ਨਾਲ ਨੀਂਦ ਆਉਣ ਵਿੱਚ ਦਿੱਕਤ ਆਉਂਦੀ ਹੈ?

ਇਸ ਬਾਰੇ ਖੋਜ ਦੇ ਨਤੀਜੇ ਮਿਲੇ-ਜੁਲੇ ਹਨ। ਹਾਲਾਂਕਿ, ਇਹ ਗੱਲ ਤੈਅ ਹੈ ਕਿ ਦੇਰ ਰਾਤ ਭਾਰੀ ਖਾਣਾ ਖਾਣ ਨਾਲ ਪਾਚਨ ਕਿਰਿਆ ਅਤੇ ਨੀਂਦ ਲਈ ਸਰੀਰ ਦੀ ਕੁਦਰਤੀ ਤਿਆਰੀ ਪ੍ਰਭਾਵਿਤ ਹੁੰਦੀ ਹੈ।

ਪਰ ਰਾਤ ਨੂੰ ਹਲਕਾ-ਫੁਲਕਾ ਕੁਝ ਖਾਣ ਬਾਰੇ ਕੀ ਕਿਹਾ ਜਾ ਸਕਦਾ ਹੈ? ਇਸ ਮਾਮਲੇ ਵਿੱਚ ਖੋਜ ਦੇ ਨਤੀਜੇ ਇੰਨੇ ਸਪੱਸ਼ਟ ਨਹੀਂ ਹਨ।

ਕੁਝ ਸਬੂਤ ਦੱਸਦੇ ਹਨ ਕਿ ਰਿਫਾਈਂਡ ਕਾਰਬੋਹਾਈਡ੍ਰੇਟ ਅਤੇ ਮਿਲਾਈ ਗਈ ਖੰਡ ਦੀ ਵਧੇਰੇ ਮਾਤਰਾ ਵਾਲੇ ਭੋਜਨ, ਜਿਵੇਂ ਬਰੈੱਡ, ਚਿੱਟੇ ਚੌਲ, ਬਿਸਕੁਟ ਅਤੇ ਕੇਕ, ਨੀਂਦ ਦੀ ਗੁਣਵੱਤਾ ਖ਼ਰਾਬ ਕਰ ਸਕਦੇ ਹਨ।

ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਅਜਿਹੇ ਭੋਜਨ ਖੂਨ ਵਿੱਚ ਸ਼ੂਗਰ ਦੇ ਪੱਧਰ ਵਿੱਚ ਵੱਡੇ ਉਤਾਰ-ਚੜ੍ਹਾਅ ਲਿਆਉਂਦੇ ਹਨ। ਇਸ ਤੋਂ ਇਲਾਵਾ, ਇਹ ਨੀਂਦ ਅਤੇ ਭੁੱਖ ਨੂੰ ਨਿਯਮਤ ਕਰਨ ਵਾਲੇ ਕੁਝ ਹਾਰਮੋਨਾਂ ਦੇ ਸੰਕੇਤਾਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ।

ਹਾਲਾਂਕਿ, ਇਹ ਪਤਾ ਲਗਾਉਣਾ ਔਖਾ ਹੈ ਕਿ ਇਨ੍ਹਾਂ ਦੋਵਾਂ ਵਿੱਚੋਂ ਕਿਹੜੀ ਚੀਜ਼ ਦੂਜੀ ਦਾ ਕਾਰਨ ਬਣਦੀ ਹੈ। ਇਹ ਵੀ ਹੋ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਦੀ ਨੀਂਦ ਠੀਕ ਨਹੀਂ ਹੁੰਦੀ, ਉਨ੍ਹਾਂ ਵਿੱਚ ਖੰਡ ਵਾਲੀਆਂ ਚੀਜ਼ਾਂ ਖਾਣ ਦੀ ਰੁਚੀ ਵਧੇਰੇ ਹੋਵੇ।

ਸਰੀ ਯੂਨੀਵਰਸਿਟੀ ਵਿੱਚ ਨੀਂਦ ਅਤੇ ਸਰੀਰ ਦੀ ਜੈਵਿਕ ਘੜੀ ਬਾਰੇ ਮਾਹਿਰ ਪ੍ਰੋਫੈਸਰ ਜੋਨਾਥਨ ਜੌਹਨਸਟਨ ਕਹਿੰਦੇ ਹਨ, "ਇਹ ਜਾਣਿਆ-ਪਛਾਣਿਆ ਤੱਥ ਹੈ ਕਿ ਨੀਂਦ ਦੀ ਕਮੀ ਨਾ ਸਿਰਫ਼ ਭੁੱਖ ਵਧਾਉਂਦੀ ਹੈ, ਸਗੋਂ ਵਧੇਰੇ ਕੈਲੋਰੀ ਵਾਲੇ ਭੋਜਨ ਖਾਣ ਦੀ ਇੱਛਾ ਵੀ ਵਧਾ ਦਿੰਦੀ ਹੈ।"

ਪ੍ਰੋਫੈਸਰ ਬੈਟਸ ਦਾ ਕਹਿਣਾ ਹੈ ਕਿ ਇਸ ਕਾਰਨ ਇਹ ਪੱਕੇ ਤੌਰ 'ਤੇ ਕਹਿਣਾ ਬਹੁਤ ਮੁਸ਼ਕਲ ਹੈ ਕਿ ਕੀ ਦੇਰ ਸ਼ਾਮ ਕੁਝ ਖਾਣ ਨਾਲ ਨੀਂਦ ਪ੍ਰਭਾਵਿਤ ਹੁੰਦੀ ਹੈ।

ਉਹ ਕਹਿੰਦੇ ਹਨ, "ਇਸ ਬਾਰੇ ਸਬੂਤ ਸਪੱਸ਼ਟ ਨਹੀਂ ਹਨ। ਸੰਭਵ ਹੈ ਕਿ ਸੌਣ ਤੋਂ ਪਹਿਲਾਂ ਵੱਖ-ਵੱਖ ਤਰ੍ਹਾਂ ਦੇ ਭੋਜਨ ਖਾਣ ਨਾਲ ਅਲੱਗ-ਅਲੱਗ ਵਿਅਕਤੀ 'ਤੇ ਵੱਖਰਾ ਅਸਰ ਪੈਂਦਾ ਹੋਵੇ।"

ਸਿਹਤਮੰਦ ਤਰੀਕੇ ਨਾਲ ਕੁਝ ਖਾਣ ਦੀ ਆਦਤ ਕਿਵੇਂ ਪਾਈਏ?

ਸਭ ਤੋਂ ਪਹਿਲਾਂ ਇਹ ਪਤਾ ਲਗਾਓ ਕਿ ਤੁਹਾਨੂੰ ਵਾਰ-ਵਾਰ ਕੁਝ ਖਾਣ ਦੀ ਇੱਛਾ ਕਿਉਂ ਹੁੰਦੀ ਹੈ।

  • ਜੇ ਤੁਹਾਨੂੰ ਸੱਚਮੁੱਚ ਭੁੱਖ ਲੱਗੀ ਹੈ ਤਾਂ ਦਿਨ ਵੇਲੇ ਖਾਣੇ ਦੀ ਮਾਤਰਾ ਜਾਂ ਪੌਸ਼ਟਿਕਤਾ ਵਧਾਉਣੀ ਮਦਦਗਾਰ ਹੋ ਸਕਦੀ ਹੈ, ਤਾਂ ਜੋ ਪੇਟ ਲੰਬੇ ਸਮੇਂ ਤੱਕ ਭਰਿਆ ਰਹੇ।
  • ਜੇ ਕੁਝ ਖਾਣਾ ਮੁੱਖ ਤੌਰ 'ਤੇ ਤੁਹਾਡੀ ਆਦਤ ਬਣ ਚੁੱਕਾ ਹੈ ਤਾਂ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਬਦਲਾਅ ਕਰਨ ਅਤੇ ਪਹਿਲਾਂ ਤੋਂ ਹੀ ਕੁਝ ਖਾਣ-ਪੀਣ ਦੀ ਯੋਜਨਾ ਬਣਾਉਣ ਨਾਲ ਮਦਦ ਮਿਲ ਸਕਦੀ ਹੈ।

ਪ੍ਰੋਫੈਸਰ ਹਿਗਜ਼ ਕਹਿੰਦੇ ਹਨ, "ਜਦੋਂ ਲੋਕ ਕਿਸੇ ਹੋਰ ਕੰਮ ਵਿੱਚ ਰੁੱਝੇ ਹੋਏ ਖਾਣਾ ਖਾਂਦੇ ਹਨ, ਮਿਸਾਲ ਵਜੋਂ ਟੀਵੀ ਦੇਖਦੇ ਸਮੇਂ, ਤਾਂ ਅਕਸਰ ਉਹ ਲੋੜ ਨਾਲੋਂ ਵੱਧ ਖਾਂਦੇ ਹਨ। ਕਿਉਂਕਿ ਉਨ੍ਹਾਂ ਦਾ ਧਿਆਨ ਹੀ ਨਹੀਂ ਹੁੰਦਾ ਕਿ ਉਹ ਕਿੰਨਾ ਖਾ ਚੁੱਕੇ ਹਨ।"

ਪਰ ਸ਼ਾਮ ਵੇਲੇ ਕੁਝ ਖਾਣ ਦੀ ਆਦਤ ਨੂੰ ਪੂਰੀ ਤਰ੍ਹਾਂ ਛੱਡਣ ਦੀ ਲੋੜ ਨਹੀਂ ਹੈ। ਡਾਕਟਰ ਬਿਊਲੀਉ ਦਾ ਕਹਿਣਾ ਹੈ ਕਿ ਇਸ ਦੀ ਬਜਾਏ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

  • ਆਪਣੀ ਪਸੰਦ ਦੀ ਕਿਸੇ ਚੀਜ਼ ਦੀ ਉਚਿਤ ਮਾਤਰਾ ਵਿੱਚ ਵਰਤੋਂ ਕਰਨਾ ਅਕਸਰ ਲੰਬੇ ਸਮੇਂ ਤੱਕ ਕਾਇਮ ਰਹਿਣ ਵਾਲੀ ਆਦਤ ਸਾਬਤ ਹੁੰਦੀ ਹੈ।
  • ਫ਼ਲ, ਦਹੀਂ ਅਤੇ ਸੁੱਕੇ ਮੇਵੇ ਵਰਗੀਆਂ ਸਿਹਤਮੰਦ ਚੀਜ਼ਾਂ ਘਰ ਵਿੱਚ ਰੱਖੋ।
  • ਕਦੇ-ਕਦਾਈਂ ਥੋੜ੍ਹੀ ਜਿਹੀ ਚਾਕਲੇਟ ਖਾ ਲੈਣ ਨਾਲ ਵੀ ਕੋਈ ਵੱਡਾ ਨੁਕਸਾਨ ਨਹੀਂ ਹੁੰਦਾ।

ਉਹ ਕਹਿੰਦੇ ਹਨ, "ਜਿਨ੍ਹਾਂ ਚੀਜ਼ਾਂ ਨੂੰ ਖਾਣ ਦੀ ਤੁਹਾਨੂੰ ਬਹੁਤ ਇੱਛਾ ਹੁੰਦੀ ਹੈ, ਉਨ੍ਹਾਂ ਨੂੰ ਕਦੇ-ਕਦਾਈਂ ਸੰਜਮ ਨਾਲ ਖਾਣਾ ਬਿਲਕੁਲ ਠੀਕ ਹੈ।"

ਉਨ੍ਹਾਂ ਮੁਤਾਬਕ, ਅਸਲ ਤਰੀਕਾ ਇਹ ਹੈ ਕਿ ਖਾਣ ਲਈ ਸਿਹਤਮੰਦ ਚੀਜ਼ਾਂ ਦੀ ਚੋਣ ਕਰੋ।

ਉਹ ਕਹਿੰਦੇ ਹਨ, "ਜੇ ਤੁਹਾਡੀਆਂ ਮਨਪਸੰਦ ਗ਼ੈਰ-ਸਿਹਤਮੰਦ ਖਾਣ-ਪੀਣ ਵਾਲੀਆਂ ਚੀਜ਼ਾਂ ਨਿਯਮਿਤ ਤੌਰ 'ਤੇ ਰਸੋਈ ਦੀਆਂ ਅਲਮਾਰੀਆਂ ਵਿੱਚ ਮੌਜੂਦ ਨਹੀਂ ਹੋਣਗੀਆਂ ਅਤੇ ਉੱਥੇ ਸਿਹਤਮੰਦ ਵਿਕਲਪ ਰੱਖੇ ਹੋਣਗੇ ਤਾਂ ਤੁਹਾਡੇ ਵੱਲੋਂ ਸਿਹਤਮੰਦ ਚੀਜ਼ ਚੁਣਨ ਦੀ ਸੰਭਾਵਨਾ ਵਧ ਜਾਵੇਗੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)