ਤੁਸੀਂ ਇਸ ਵੈੱਬਸਾਈਟ ਦਾ ਸਿਰਫ਼-ਟੈਕਸਟ ਵਰਜ਼ਨ ਦੇਖ ਰਹੇ ਹੋ ਜੋ ਘੱਟ ਡਾਟਾ ਵਰਤਦਾ ਹੈ। ਸਾਰੀਆਂ ਤਸਵੀਰਾਂ ਅਤੇ ਵੀਡੀਓ ਸਮੇਤ ਵੈੱਬਸਾਈਟ ਦਾ ਮੁੱਖ ਵਰਜ਼ਨ ਦੇਖੋ।
ਡਰੱਗ ਵੇਚਣ ਤੋਂ ਲੈ ਕੇ ਕਤਲ ਤੱਕ, ਫਰਾਂਸ ਦੇ ਨਸ਼ਾ ਤਸਕਰ ਗਿਰੋਹਾਂ ਵੱਲੋਂ ਬੱਚਿਆਂ ਨੂੰ ਫਸਾਏ ਜਾਣ ਦੀ ਅੰਦਰੂਨੀ ਕਹਾਣੀ
- ਲੇਖਕ, ਜੇਮਜ਼ ਵਾਟਰਹਊਸ
- ਰੋਲ, ਬੀਬੀਸੀ ਪੱਤਰਕਾਰ,ਪੈਰਿਸ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 14 ਮਿੰਟ
ਚਿਤਾਵਨੀ: ਇਸ ਰਿਪੋਰਟ ਵਿੱਚਲੇ ਕੁਝ ਤਿੱਖੇ ਸ਼ਬਦ ਅਤੇ ਜਿਨਸੀ ਹਿੰਸਾ ਦੇ ਵੇਰਵੇ ਸ਼ਾਮਲ ਹਨ।
ਹਾਲਾਂਕਿ ਉਸ ਔਰਤ ਨੇ ਹੁਣੇ ਹੀ ਇੱਕ ਨਸ਼ਾ ਤਸਕਰ ਤੋਂ ਚਰਸ ਖਰੀਦੀ ਸੀ, ਪਰ ਉਸ ਨੇ ਪੁਲਿਸ ਨੂੰ ਫ਼ੋਨ ਕਰਨ ਦਾ ਫ਼ੈਸਲਾ ਲਿਆ।
ਇਸ ਦਾ ਕਾਰਨ ਇਹ ਸੀ ਕਿ ਮਾਰਸੇਈ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ 2022 ਦੌਰਾਨ ਹੋਈ ਉਨ੍ਹਾਂ ਦੀ ਛੋਟੀ ਜਿਹੀ ਮੁਲਾਕਾਤ ਦੌਰਾਨ ਇੱਕ ਨੌਜਵਾਨ ਵਿਕਰੇਤਾ ਨੇ ਉਸ ਨੂੰ ਨਾਜਾਇਜ਼ ਨਸ਼ੀਲੇ ਪਦਾਰਥਾਂ ਦੇ ਨਾਲ ਇੱਕ ਚਿੱਠੀ ਵੀ ਫੜਾਈ ਸੀ।
ਉਸ ਉੱਤੇ ਲਿਖਿਆ ਸੀ, "ਸਾਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈ ਅਤੇ ਮਦਦ ਦੀ ਲੋੜ ਹੈ। ਸਾਡੀ ਉਮਰ 15 ਸਾਲ ਹੈ।"
ਇਸ ਸਾਲ ਦੇ ਸ਼ੁਰੂ ਵਿੱਚ ਫਰਾਂਸ ਦੀ ਇੱਕ ਅਦਾਲਤ ਨੂੰ ਦੱਸਿਆ ਗਿਆ ਕਿ ਨਾਬਾਲਗ ਨਸ਼ਾ ਤਸਕਰ ਉਨ੍ਹਾਂ ਦੋ ਮੁੰਡਿਆਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ ਇੱਕ ਗਿਰੋਹ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਦੋਵੇਂ ਮੁੰਡੇ ਸ਼ੁਰੂ ਵਿੱਚ ਇਸ ਗਿਰੋਹ ਕੋਲ ਪੈਸੇ ਦੇ ਬਦਲੇ ਕੰਮ ਲੱਭਣ ਗਏ ਸਨ, ਹਾਲਾਂਕਿ ਇਹ ਕੰਮ ਗ਼ੈਰ-ਕਾਨੂੰਨੀ ਸੀ।
ਇੱਕ ਮੁੰਡੇ ਨੂੰ ਪੈਸਿਆਂ ਦਾ ਲੈਣ-ਦੇਣ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਜਦਕਿ ਦੂਜਾ ਫਰੇਜ਼ ਵੱਲੋਂ ਰਿਹਾਇਸ਼ੀ ਇਲਾਕੇ ਦੀਆਂ ਸੜਕਾਂ ਉੱਤੇ ਕੰਮ ਕਰਦਾ ਸੀ। ਪਰ ਛੇਤੀ ਹੀ ਗਿਰੋਹ ਦੇ ਚਾਲਕਾਂ ਨੇ ਉਨ੍ਹਾਂ ਉੱਤੇ ਕਮਾਈ ਵਿੱਚੋਂ ਪੈਸੇ ਘੱਟ ਹੋਣ ਲਈ ਜ਼ਿੰਮੇਵਾਰ ਹੋਣ ਦੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ।
ਅਦਾਲਤ ਨੂੰ ਦੱਸਿਆ ਗਿਆ ਕਿ ਇਸ ਤੋਂ ਬਾਅਦ ਉਨ੍ਹਾਂ ਦੀ ਨਿਯਮਿਤ ਤੌਰ 'ਤੇ ਕੁੱਟਮਾਰ ਕੀਤੀ ਜਾਣ ਲੱਗੀ। ਬਲੈਕਮੇਲ ਕਰਨ ਲਈ ਉਨ੍ਹਾਂ ਨੂੰ ਕੈਮਰੇ ਸਾਹਮਣੇ ਨੰਗੇ ਹੋ ਕੇ ਨੱਚਣ ਲਈ ਮਜਬੂਰ ਕੀਤਾ ਗਿਆ। ਇੱਕ ਮੁੰਡੇ ਨਾਲ ਬਲਾਤਕਾਰ ਵੀ ਕੀਤਾ ਗਿਆ।
ਔਰਤ ਨੂੰ ਪਰਚੀ ਦੇਣ ਤੋਂ ਕੁਝ ਘੰਟਿਆਂ ਬਾਅਦ ਦੋਵੇਂ ਨਾਬਾਲਗ ਦੂਜੀ ਮੰਜ਼ਿਲ ਦੀ ਖਿੜਕੀ ਵਿੱਚੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੌਰਾਨ ਉਹ ਜ਼ਖ਼ਮੀ ਹੋ ਗਏ। ਇੱਕ ਮੁੰਡਾ ਭੱਜਣ ਵਿੱਚ ਕਾਮਯਾਬ ਹੋ ਗਿਆ, ਜਦਕਿ ਦੂਜੇ ਨੂੰ ਫੜ ਲਿਆ ਗਿਆ। ਉਸ ਦੀ ਕੁੱਟਮਾਰ ਕੀਤੀ ਗਈ ਅਤੇ ਚਾਕੂ ਨਾਲ ਵਾਰ ਕੀਤਾ ਗਿਆ, ਪਰ ਉਹ ਬਚ ਗਿਆ।
ਇਸ ਮਾਮਲੇ ਵਿੱਚ ਕਈ ਗ੍ਰਿਫ਼ਤਾਰੀਆਂ ਹੋਈਆਂ। ਮੁੰਡਿਆਂ ਨੂੰ ਤਸੀਹੇ ਦੇਣ ਦੇ ਮੁਲਜ਼ਮਾਂ ਵਿੱਚੋਂ ਇੱਕ ਦੇ ਫ਼ੋਨ ਵਿੱਚੋਂ ਮਿਲੀਆਂ ਤਸਵੀਰਾਂ ਵਿੱਚ ਕਈ ਹੋਰ ਨੌਜਵਾਨਾਂ ਦੀ ਸ਼ਨਾਖ਼ਤ ਵੀ ਹੋਈ ਜੋ ਇਸੇ ਤਰ੍ਹਾਂ ਦੀ ਤਰਸਯੋਗ ਹਾਲਤ ਵਿੱਚ ਦਿਖਾਈ ਦਿੱਤੇ। ਇਸ ਘਟਨਾ ਤੋਂ ਬਾਅਦ ਛੇ ਵਿਅਕਤੀਆਂ ਨੂੰ ਦੋਵਾਂ ਨਾਬਾਲਗਾਂ ਨਾਲ ਕੀਤੇ ਗਏ ਸਲੂਕ ਲਈ ਲੰਬੀ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।
ਬ੍ਰਾਂਡ ਵਜੋਂ ਉਭਰਦੇ ਨਸ਼ਾ ਤਸਕਰ ਗਿਰੋਹ
ਇਨ੍ਹਾਂ ਮੁੰਡਿਆਂ ਦੀ ਕਹਾਣੀ ਦੱਸਦੀ ਹੈ ਕਿ ਫਰਾਂਸ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਰਸੇਈ ਦੇ ਕੁਝ ਇਲਾਕਿਆਂ ਵਿੱਚ ਨਸ਼ਾ ਤਸਕਰ ਗਿਰੋਹਾਂ ਦਾ ਕਿੰਨਾ ਦਬਦਬਾ ਹੈ।
ਮੈਡੀਟੇਰੀਅਨ ਸੱਭਿਆਚਾਰ, ਸਟ੍ਰੀਟ ਆਰਟ ਅਤੇ ਹਿੱਪ-ਹੌਪ ਸੰਗੀਤ ਦੇ ਸੁਮੇਲ ਨੇ ਮਾਰਸੇਈ ਨੂੰ ਸੈਲਾਨੀਆਂ ਲਈ ਇੱਕ ਪ੍ਰਸਿੱਧ ਮੰਜ਼ਿਲ ਬਣਾ ਦਿੱਤਾ ਹੈ, ਪਰ ਸ਼ਹਿਰ ਦੇ ਕੇਂਦਰ ਤੋਂ ਬਾਹਰ ਦੀ ਤਸਵੀਰ ਬਿਲਕੁਲ ਵੱਖਰੀ ਹੈ।
ਕਈ ਮਹੀਨਿਆਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਬੀਬੀਸੀ ਦੀ ਇੱਕ ਟੀਮ ਇਸ ਖ਼ਤਰਨਾਕ ਦੁਨੀਆ ਵਿੱਚ ਦਾਖ਼ਲ ਹੋਣ ਵਿੱਚ ਕਾਮਯਾਬ ਹੋਈ। ਇਹ ਦੁਨੀਆ ਬੰਦਰਗਾਹ ਵਾਲੇ ਸ਼ਹਿਰ ਦੀਆਂ ਗ਼ਰੀਬ ਅਤੇ ਪਛੜੀਆਂ ਸੜਕਾਂ ਤੇ ਉੱਚੀਆਂ ਇਮਾਰਤਾਂ ਵਾਲੀਆਂ ਰਿਹਾਇਸ਼ੀ ਬਸਤੀਆਂ ਵਿੱਚ ਵਸੀ ਹੋਈ ਹੈ, ਜਿੱਥੇ ਪੁਲਿਸ ਵੀ ਸੌਖਿਆਂ ਦਾਖ਼ਲ ਨਹੀਂ ਹੁੰਦੀ।
ਇਹ ਉਹ ਇਲਾਕਾ ਸੀ ਜਿੱਥੇ ਬੇਰਹਿਮ ਗਿਰੋਹ ਕਮਜ਼ੋਰ ਨੌਜਵਾਨਾਂ ਨੂੰ ਆਸਾਨੀ ਨਾਲ ਪੈਸਾ ਕਮਾਉਣ ਦਾ ਲਾਲਚ ਦੇ ਕੇ ਆਪਣੇ ਜਾਲ ਵਿੱਚ ਫਸਾਉਂਦੇ ਹਨ। ਪਰ ਅਖ਼ੀਰ ਵਿੱਚ ਉਹ ਉਨ੍ਹਾਂ ਨੂੰ ਨਸ਼ਾ ਤਸਕਰੀ, ਹਿੰਸਾ ਅਤੇ ਸ਼ੋਸ਼ਣ ਦੀ ਦੁਨੀਆ ਵਿੱਚ ਫਸਾ ਲੈਂਦੇ ਹਨ।
ਅਸੀਂ ਦੇਖਿਆ ਕਿ ਇਹ ਗਿਰੋਹ ਸ਼ੂਟਰਾਂ ਦੀ ਭਰਤੀ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਿਵੇਂ ਕਰਦੇ ਹਨ ਅਤੇ ਹਿੰਸਾ ਦੀ ਇਸ ਦੁਨੀਆ ਵਿੱਚ ਫਸੇ ਕਈ ਨੌਜਵਾਨਾਂ ਨਾਲ ਗੱਲਬਾਤ ਕੀਤੀ। ਕਈ ਕਤਲਾਂ ਵਿੱਚ ਸ਼ਮੂਲੀਅਤ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਇੱਕ ਗਿਰੋਹ ਮੈਂਬਰ ਨੇ ਜੇਲ੍ਹ ਵਿੱਚੋਂ ਦੱਸਿਆ ਕਿ ਉਸ ਦੇ 'ਬੇਰਹਿਮ-ਰਵੱਈਏ' ਨੇ ਉਸ ਨੂੰ ਗਿਰੋਹ ਵਿੱਚ ਉੱਚਾ ਮੁਕਾਮ ਹਾਸਲ ਕਰਨ ਵਿੱਚ ਕਿਵੇਂ ਮਦਦ ਕੀਤੀ।
ਸ਼ਹਿਰ ਦਾ ਸਭ ਤੋਂ ਤਾਕਤਵਰ ਗਿਰੋਹ, ਡੀਜ਼ੈੱਡ ਮਾਫੀਆ, ਖ਼ੂਨੀ ਇਲਾਕਾਈ ਜੰਗ ਵਿੱਚ ਜਿੱਤ ਹਾਸਲ ਕਰਕੇ ਹੁਣ ਫਰਾਂਸ ਦੇ ਸਭ ਤੋਂ ਖ਼ੌਫ਼ਨਾਕ ਅਪਰਾਧਿਕ ਸੰਗਠਨਾਂ ਵਿੱਚੋਂ ਇੱਕ ਬਣ ਗਿਆ ਹੈ।
ਡੀਜ਼ੈੱਡ ਅਲਜੀਰੀਆ ਦਾ ਅਧਿਕਾਰਤ ਇੰਟਰਨੈੱਟ ਕੰਟਰੀ ਕੋਡ ਹੈ। ਗਿਰੋਹ ਦੇ ਸੰਸਥਾਪਕਾਂ ਵਿੱਚੋਂ ਇੱਕ, ਫਰਾਂਸੀਸੀ-ਅਲਜੀਰੀਆਈ ਨਾਗਰਿਕ ਮੇਹਦੀ ਲਾਰੀਬੀ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਫਰਾਂਸ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਕੇ ਹਿਰਾਸਤ ਵਿੱਚ ਲਿਆ ਸੀ।
ਫਰਾਂਸ ਦੀ ਨਸ਼ਾ ਤਸਕਰੀ ਵਿਰੋਧੀ ਇਕਾਈ ਦੇ ਮੁਖੀ ਦਿਮਿਤਰੀ ਜ਼ੂਲਾਸ ਦਾ ਕਹਿਣਾ ਹੈ ਕਿ ਇਹ ਅਪਰਾਧਿਕ ਗਿਰੋਹ 2023 ਵਿੱਚ ਚਰਚਾ ਵਿੱਚ ਆਇਆ, ਜਦੋਂ ਇਹ ਵੀਡੀਓ ਬਿਆਨ ਜਾਰੀ ਕਰਕੇ ਆਪਣੇ ਬਦਨਾਮ ਅਤੇ ਡਰਾ ਦੇਣ ਅਕਸ ਦਾ ਫ਼ਾਇਦਾ ਉਠਾਉਣ ਵਾਲਾ ਪਹਿਲਾ ਫਰਾਂਸੀਸੀ ਗਿਰੋਹ ਬਣਿਆ। ਇਸ ਨੇ ਸੋਸ਼ਲ ਮੀਡੀਆ ਦੀ ਵਰਤੋਂ ਆਪਣੇ ਆਪ ਨੂੰ ਇੱਕ ਬ੍ਰਾਂਡ ਵਜੋਂ ਪੇਸ਼ ਕਰਨ ਲਈ ਕੀਤੀ।
ਇਸ ਗਿਰੋਹ ਦਾ ਸਭ ਤੋਂ ਤਾਜ਼ਾ ਬਿਆਨ ਜੁਲਾਈ ਵਿੱਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਨੇੜਲੇ ਕਸਬੇ ਦੇ ਮੇਅਰ ਨੂੰ ਪੁਲਿਸ ਸੁਰੱਖਿਆ ਹੇਠ ਰੱਖਣਾ ਪਿਆ, ਕਿਉਂਕਿ ਖ਼ੁਫ਼ੀਆ ਜਾਣਕਾਰੀ ਮੁਤਾਬਕ ਗਿਰੋਹ ਉਸ ਨੂੰ ਨਿਸ਼ਾਨਾ ਬਣਾ ਸਕਦਾ ਸੀ।
ਇੰਟਰਨੈੱਟ 'ਤੇ ਜਾਰੀ ਇੱਕ ਵੀਡੀਓ ਵਿੱਚ ਕਾਲੇ ਕੱਪੜੇ ਪਹਿਨੇ ਅਤੇ ਮੂੰਹ ਢਕੇ ਛੇ ਵਿਅਕਤੀ ਇੱਕ ਮੇਜ਼ ਪਿੱਛੇ ਖੜ੍ਹੇ ਦਿਖਾਈ ਦਿੱਤੇ। ਉਨ੍ਹਾਂ ਵਿੱਚੋਂ ਇੱਕ ਨੇ ਬਿਆਨ ਪੜ੍ਹਦਿਆਂ ਡੀਜ਼ੈੱਡ ਮਾਫੀਆ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ।
ਨਾਜਾਇਜ਼ ਨਸ਼ਿਆਂ ਦੇ ਕਾਰੋਬਾਰ ਅਤੇ ਬੱਚਿਆਂ ਦੀ ਭਰਤੀ
ਫਰਾਂਸ ਵਿੱਚ ਨਾਜਾਇਜ਼ ਨਸ਼ਿਆਂ ਦੇ ਵਧ ਰਹੇ ਬਾਜ਼ਾਰ ਨੇ ਵੀ ਇਸ ਗਿਰੋਹ ਦੇ ਤੇਜ਼ੀ ਨਾਲ ਵਧਣ ਵਿੱਚ ਮਦਦ ਕੀਤੀ ਹੈ। ਇਸ ਬਾਜ਼ਾਰ ਵਿੱਚ ਕੋਕੀਨ ਦੀ ਦਰਾਮਦ ਵਿੱਚ ਭਾਰੀ ਵਾਧਾ ਹੋਇਆ ਹੈ, ਜਦਕਿ ਭੰਗ ਅਤੇ ਸਿੰਥੈਟਿਕ ਨਸ਼ਿਆਂ ਦੀ ਵੱਡੀ ਮਾਤਰਾ ਵਿੱਚ ਤਸਕਰੀ ਵੀ ਜਾਰੀ ਹੈ।
ਜ਼ੂਲਾਸ ਦਾ ਕਹਿਣਾ ਹੈ ਕਿ ਫਰਾਂਸ ਵਿੱਚ ਕੋਕੀਨ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਜਲਦੀ ਹੀ 20 ਲੱਖ ਤੱਕ ਪਹੁੰਚਣ ਦੀ ਉਮੀਦ ਹੈ, ਜਦਕਿ 2017 ਵਿੱਚ ਇਹ ਗਿਣਤੀ ਛੇ ਲੱਖ ਸੀ। ਉਨ੍ਹਾਂ ਮੁਤਾਬਕ ਫਰਾਂਸ ਵਿੱਚ ਨਸ਼ਿਆਂ ਦੀ ਤਸਕਰੀ ਨਾਲ ਹਰ ਸਾਲ ਸੱਤ ਅਰਬ ਯੂਰੋ (5.9 ਅਰਬ ਪੌਂਡ) ਦਾ ਕਾਰੋਬਾਰ ਹੁੰਦਾ ਹੈ, ਜਿਸ ਵਿੱਚ ਦੋ ਲੱਖ ਲੋਕ ਸ਼ਾਮਲ ਹਨ।
ਨਸ਼ਿਆਂ ਦੀ ਵੰਡ ਕਰਨ ਵਾਲਿਆਂ ਵਿੱਚ ਬਹੁਤ ਸਾਰੇ ਬੱਚੇ ਹਨ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਾ ਤਸਕਰੀ ਵਿੱਚ ਫਸਣ ਵਾਲੇ ਨਾਬਾਲਗਾਂ ਦੀ ਗਿਣਤੀ ਵਧ ਰਹੀ ਹੈ। ਸਰਕਾਰੀ ਅੰਕੜਿਆਂ ਮੁਤਾਬਕ 2024 ਦੌਰਾਨ ਲਗਭਗ 10,000 ਬੱਚੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਗਤੀਵਿਧੀ ਵਿੱਚ ਸ਼ਾਮਲ ਸਨ।
ਡੀਜ਼ੈੱਡ ਮਾਫੀਆ ਇਸ ਦੀ ਇੱਕ ਪ੍ਰਮੁੱਖ ਮਿਸਾਲ ਹੈ। ਵੱਧ ਤੋਂ ਵੱਧ ਗਾਹਕਾਂ ਤੱਕ ਪਹੁੰਚਣ ਲਈ ਇਸ ਨੂੰ ਹੋਰ ਗਿਰੋਹ ਮੈਂਬਰਾਂ ਦੀ ਲੋੜ ਹੈ ਅਤੇ ਇਸ ਦਾ ਮਤਲਬ ਹੈ ਹੋਰ ਬੱਚਿਆਂ ਦੀ ਭਰਤੀ।
ਸਾਡੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹੁਣ ਇਹ ਗਿਰੋਹ ਸਿਰਫ਼ ਨਸ਼ੇ ਵੇਚਣ ਲਈ ਹੀ ਨਹੀਂ, ਸਗੋਂ ਅਗਵਾ ਕਰਨ, ਤਸੀਹੇ ਦੇਣ ਅਤੇ ਕਤਲ ਕਰਨ ਲਈ ਵੀ ਫਰਾਂਸ ਭਰ ਵਿੱਚੋਂ ਨੌਜਵਾਨਾਂ ਦੀ ਭਰਤੀ ਕਰ ਰਿਹਾ ਹੈ।
ਇਹ ਅਜਿਹੀ ਪੀੜ੍ਹੀ ਹੈ ਜਿਸ ਨੂੰ ਆਸਾਨੀ ਨਾਲ ਅਪਰਾਧ ਦੀ ਦੁਨੀਆ ਵਿੱਚ ਧੱਕਿਆ ਜਾ ਸਕਦਾ ਹੈ, ਪਰ ਗਿਰੋਹਾਂ ਦੇ ਵੱਡੇ ਸਰਗਣਿਆਂ ਲਈ ਇਹ ਨੌਜਵਾਨ ਵਰਤ ਕੇ ਛੱਡ ਦੇਣ ਵਾਲੇ ਲੋਕ ਵੀ ਹਨ। ਆਮ ਤੌਰ 'ਤੇ ਇਹ ਗਿਰੋਹ ਚਲਾਉਣ ਵਾਲੇ ਜੇਲ੍ਹਾਂ ਜਾਂ ਵਿਦੇਸ਼ਾਂ ਵਿੱਚ ਬੈਠ ਕੇ ਉਨ੍ਹਾਂ ਨੂੰ ਕੰਟਰੋਲ ਕਰਦੇ ਹਨ।
ਪੁਲਿਸ ਅਤੇ ਜੱਜਾਂ ਦੀ ਚੇਤਾਵਨੀ ਹੈ ਕਿ ਇੱਕ ਵਾਰ ਇਹ ਬੱਚੇ ਮਾਰਸੇਈ ਦੀ ਅਪਰਾਧਿਕ ਦੁਨੀਆ ਵਿੱਚ ਦਾਖ਼ਲ ਹੋ ਜਾਣ ਤਾਂ ਉਨ੍ਹਾਂ ਨੂੰ ਉੱਥੋਂ ਬਾਹਰ ਕੱਢਣਾ ਬੇਹੱਦ ਔਖਾ ਹੁੰਦਾ ਹੈ।
ਮਾਰਸੇਈ ਦੇ ਗਿਰੋਹਾਂ ਦੀਆਂ ਗਤੀਵਿਧੀਆਂ ਕਾਰਨ ਹੋਣ ਵਾਲੇ ਮਨੁੱਖੀ ਨੁਕਸਾਨ ਨੂੰ ਸ਼ਾਇਦ ਹੀ ਕੋਈ ਮਾਂ ਕੈਰੀਨ ਬਰੂਈਆਰ ਨਾਲੋਂ ਵੱਧ ਸਮਝ ਸਕਦਾ ਹੋਵੇ। ਉਹ ਫਰਾਂਸ ਦੇ ਦੂਜੇ ਸਿਰੇ 'ਤੇ ਰਹਿੰਦੇ ਹਨ, ਜਿੱਥੋਂ ਮੈਡੀਟੇਰੀਅਨ ਤੱਟ ਬਹੁਤ ਦੂਰ ਹੈ।
ਉਨ੍ਹਾਂ ਦਾ ਪੁੱਤਰ ਹਿਊਗੋ ਪਹਿਲੀ ਵਾਰ 15 ਸਾਲ ਦੀ ਉਮਰ ਵਿੱਚ ਘਰੋਂ ਭੱਜ ਗਿਆ ਸੀ। ਪਰਿਵਾਰ ਨਾਲ ਝਗੜੇ ਤੋਂ ਬਾਅਦ ਉਹ ਨੋਰਡ ਵਿਭਾਗ ਦੇ ਇੱਕ ਪਿੰਡ ਵਿੱਚ ਸਥਿਤ ਆਪਣੇ ਘਰੋਂ ਚਲਾ ਗਿਆ ਸੀ। ਤਿੰਨ ਦਿਨ ਬਾਅਦ ਪੁਲਿਸ ਨੇ ਉਸ ਨੂੰ ਲਗਭਗ 1,000 ਕਿਲੋਮੀਟਰ ਦੂਰ ਮਾਰਸੇਈ ਵਿੱਚ ਫੜਿਆ। ਉਸ ਕੋਲ ਪੈਸੇ ਅਤੇ ਭੰਗ ਸੀ। ਉਸ ਨੂੰ ਵਾਪਸ ਘਰ ਲਿਆਂਦਾ ਗਿਆ।
ਪਰ ਕਈ ਸਾਲਾਂ ਬਾਅਦ, 2023 ਵਿੱਚ, ਹਿਊਗੋ ਨੇ ਮੁੜ ਦੱਖਣ ਵੱਲ ਜਾਣ ਦੀ ਯੋਜਨਾ ਬਣਾਈ। ਉਸ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਉਸ ਨੂੰ ਮਾਰਸੇਈ ਨੇੜੇ ਇੱਕ ਰੈਸਟੋਰੈਂਟ ਵਿੱਚ ਛੁੱਟੀਆਂ ਦੌਰਾਨ ਕੰਮ ਮਿਲ ਗਿਆ ਹੈ।
ਕੈਰੀਨ ਯਾਦ ਕਰਦੇ ਹਨ, "ਉਹ ਸਾਨੂੰ ਲਗਾਤਾਰ ਆਪਣੇ ਬਾਰੇ ਦੱਸਦਾ ਰਹਿੰਦਾ ਸੀ। ਉਹ ਮੈਨੂੰ ਫ਼ੋਨ ਕਰਦਾ ਸੀ। ਸਭ ਕੁਝ ਠੀਕ ਚੱਲ ਰਿਹਾ ਸੀ।"
ਤਿੰਨ ਹਫ਼ਤਿਆਂ ਬਾਅਦ ਇੱਕ ਡਾਕਟਰ ਦਾ ਫ਼ੋਨ ਆਇਆ। ਕੈਰੀਨ ਦਾ ਕਹਿਣਾ ਹੈ ਕਿ ਉਹ ਡਾਕਟਰ ਦੇ ਕਹੇ ਸ਼ਬਦ ਕਦੇ ਨਹੀਂ ਭੁੱਲ ਸਕਦੇ।
"ਤੁਹਾਡਾ ਪੁੱਤਰ ਬੀਤੀ ਰਾਤ ਇੱਥੇ ਪਹੁੰਚਿਆ ਹੈ। ਉਸ ਦੇ ਸਿਰ ਵਿੱਚ ਗੋਲੀ ਲੱਗੀ ਹੈ।"
ਪੁਲਿਸ ਦਾ ਮੰਨਣਾ ਹੈ ਕਿ ਹਿਊਗੋ ਨੂੰ ਕਿਸੇ ਗਿਰੋਹ ਦੇ ਕੰਟਰੋਲ ਵਾਲੇ ਇਲਾਕੇ ਵਿੱਚੋਂ ਡਾਕਟਰੀ ਸਹਾਇਤਾ ਲਈ ਲਿਆਂਦਾ ਗਿਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਉਹ ਕਿਸੇ ਗਿਰੋਹ ਨਾਲ ਜੁੜਿਆ ਹੋਇਆ ਸੀ।
ਉਹ ਇਲਾਕਾ ਕੁਆਰਤੀਅਰ ਨੋਰਡ ਸੀ।
ਨਸ਼ਾ ਤਸਕਰਾਂ ਦੇ ਇਲਾਕੇ ਵਿੱਚ ਜਾਣਾ
ਕੁਆਰਤੀਅਰ ਨੋਰਡ ਵਿੱਚ ਦਾਖ਼ਲ ਹੋਣ ਦਾ ਸਾਡੇ ਲਈ ਸਭ ਤੋਂ ਵਧੀਆ ਰਸਤਾ ਉੱਥੋਂ ਦੀ ਵਸਨੀਕ 41 ਸਾਲਾ ਫਾਦੇਲਾ ਊਈਦੇਫ਼ ਦੀ ਮਦਦ ਨਾਲ ਮਿਲਿਆ। ਉਹ ਚਾਰ ਬੱਚਿਆਂ ਦੀ ਮਾਂ ਹੈ ਅਤੇ ਉਸਨੇ ਹੀ ਸਾਨੂੰ ਇਲਾਕੇ ਦਾ ਦੌਰਾ ਕਰਵਾਇਆ। ਇਸ ਇਲਾਕੇ ਵਿੱਚ ਡੀਜ਼ੈੱਡ ਮਾਫੀਆ ਦਾ ਦਬਦਬਾ ਹੈ।
ਇੱਕ ਰਿਹਾਇਸ਼ੀ ਬਸਤੀ ਵਿੱਚ ਦਾਖ਼ਲ ਹੋਣ ਦੇ ਸਿਰਫ਼ 37 ਸਕਿੰਟਾਂ ਬਾਅਦ ਹੀ ਅਸੀਂ ਆਪਣੇ ਆਪ ਨੂੰ ਘਿਰਿਆ ਹੋਇਆ ਪਾਇਆ।
ਜਿਵੇਂ ਹੀ ਫਾਦੇਲਾ ਦੀ ਪਿਊਜੋ ਗੱਡੀ ਗਿਰੋਹ ਦੇ ਇੱਕ ਨਾਕੇ ਤੋਂ ਲੰਘੀ, ਕਾਰਾਂ ਦੇ ਹਾਰਨ ਵੱਜਣ ਲੱਗੇ। ਉੱਥੇ ਨਾਕੇ 'ਤੇ ਤਾਇਨਾਤ ਨਾਬਾਲਗਾਂ ਦੀ ਨਜ਼ਰ ਤੁਰੰਤ ਸਾਡੇ ਕੈਮਰੇ 'ਤੇ ਪੈ ਗਈ।
ਸਲੇਟੀ ਰੰਗ ਦੀ ਇੱਕ ਚਾਰ-ਪਹੀਆ ਗੱਡੀ ਸਾਨੂੰ ਸੜਕ ਦੇ ਕਿਨਾਰੇ ਹੋਣ ਲਈ ਮਜਬੂਰ ਕਰਦੀ ਹੈ, ਫਾਦੇਲਾ ਨੇ ਚੇਤਾਵਨੀ ਦਿੱਤੀ, "ਰੁਕੋ, ਕੈਮਰਾ ਬੰਦ ਕਰੋ।"
ਉਹ ਗੱਡੀ ਦੇ ਅੰਦਰ ਬੈਠੇ ਸਵਾਲ ਪੁੱਛਣ ਵਾਲੇ ਡਰਾਈਵਰ ਨੂੰ ਕਹਿੰਦੇ ਹੈ, "ਮੈਂ ਆਪਣੀ ਹਾਊਸਿੰਗ ਐਸੋਸੀਏਸ਼ਨ ਲਈ ਇੱਕ ਰਿਪੋਰਟ ਤਿਆਰ ਕਰ ਰਹੀ ਹਾਂ।"
ਆਖ਼ਰਕਾਰ ਡਰਾਈਵਰ ਸਾਨੂੰ ਉੱਥੋਂ ਜਾਣ ਦੇਣ ਲਈ ਸਹਿਮਤ ਹੋ ਜਾਂਦਾ ਹੈ, ਪਰ ਇਸ ਸ਼ਰਤ 'ਤੇ ਕਿ ਅਸੀਂ ਵੀਡੀਓ ਬਣਾਉਣੀ ਬੰਦ ਕਰ ਦੇਈਏ।
ਇਹ ਦੇਖਣਾ ਬੇਹੱਦ ਬੇਚੈਨ ਕਰਨ ਵਾਲਾ ਸੀ ਕਿ ਇੱਕ ਗੈਰ-ਪੁਲਿਸ ਗੱਡੀ ਇੰਨੇ ਦਬਦਬੇ ਨਾਲ ਸਾਡੇ ਨਾਲ ਪੇਸ਼ ਆ ਰਹੀ ਸੀ। ਉਸ ਗੱਡੀ ਦੇ ਉੱਥੋਂ ਚਲੇ ਜਾਣ ਨਾਲ ਸਾਨੂੰ ਰਾਹਤ ਮਹਿਸੂਸ ਹੋਈ।
ਫਾਦੇਲਾ ਦੱਸਦੇ ਹਨ, "ਹਾਲ ਹੀ ਦੇ ਸਮੇਂ ਵਿੱਚ ਗਿਰੋਹ ਬਹੁਤ ਹਮਲਾਵਰ ਹੋ ਗਏ ਹਨ। ਅਸੀਂ ਸਿਰਫ਼ ਇਹ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਨੌਜਵਾਨ ਸਮਝਣ ਕਿ ਜੋ ਕੁਝ ਹੋ ਰਿਹਾ ਹੈ, ਉਹ ਗ਼ਲਤ ਹੈ।"
ਫਾਦੇਲਾ ਸਥਾਨਕ ਪਰਿਵਾਰਾਂ ਦੇ ਮਨਾਂ ਵਿੱਚ ਬੈਠੇ ਇੱਕ ਵੱਡੇ ਡਰ ਬਾਰੇ ਗੱਲ ਕਰਦੇ ਹਨ। ਇਹ ਡਰ ਹੈ ਕਿ ਵੱਡੀ ਰਕਮ ਦੇ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਦੇ ਬੱਚਿਆਂ ਨੂੰ ਅਪਰਾਧ ਦੇ ਰਾਹ ਪਾਏ ਜਾਣ ਦਾ ਅਤੇ ਉਨ੍ਹਾਂ ਦੀ ਮਾਸੂਮੀਅਤ ਖੋਹ ਲੈਣ ਦਾ।
ਪੈਸਾ ਹੀ ਉਹ ਕਾਰਨ ਸੀ ਜਿਸ ਨੇ ਇੱਕ ਨੌਜਵਾਨ ਨੂੰ ਆਪਣੀ ਅੱਲ੍ਹੜ ਉਮਰ ਸਾਲ ਡੀਜ਼ੈੱਡ ਮਾਫੀਆ ਨਾਲ ਬਿਤਾਉਣ ਲਈ ਮਜਬੂਰ ਕੀਤਾ।
ਸਾਡੇ ਨਾਲ ਗੱਲ ਕਰਨ ਵਾਲੇ ਲੋਕ ਖੁੱਲ੍ਹ ਕੇ ਆਪਣੀ ਗੱਲ ਕਹਿ ਸਕਣ ਜਾਂ ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਉਨ੍ਹਾਂ ਦੀ ਪਛਾਣ ਗੁਪਤ ਰੱਖਣ ਦਾ ਫ਼ੈਸਲਾ ਕੀਤਾ ਹੈ।
ਗਿਰੋਹ ਵਿੱਚ ਮੈਂਬਰਾਂ ਦੀ ਭਰਤੀ
ਕੈਮਿਲ ਨੇ ਸਾਨੂੰ ਦੱਸਿਆ ਕਿ ਉਹ ਗਿਰੋਹ ਵਿੱਚ ਹੌਲੀ-ਹੌਲੀ ਤਰੱਕੀ ਕਰਦਾ ਹੋਇਆ ਇੱਕ ਅਜਿਹੇ ਇਲਾਕੇ ਵਿੱਚ 'ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ' ਤੱਕ ਪਹੁੰਚ ਗਿਆ ਸੀ, ਜਿਸ ਉੱਤੇ ਗਿਰੋਹ ਦਾ ਕੰਟਰੋਲ ਸੀ।
ਹੁਣ 20 ਸਾਲ ਦਾ ਹੋ ਚੁੱਕਿਆ ਕੈਮਿਲ ਦਾਅਵਾ ਕਰਦਾ ਹੈ ਕਿ ਉਹ ਗਿਰੋਹ ਛੱਡ ਚੁੱਕਾ ਹੈ। ਹਾਲਾਂਕਿ, ਉਹ ਸਾਡੀ ਮੌਜੂਦਗੀ ਨੂੰ ਲੈ ਕੇ ਕਾਫ਼ੀ ਸ਼ੱਕੀ ਰਿਹਾ ਸੀ, ਪਰ ਫਿਰ ਵੀ ਉਹ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨ ਲਈ ਸਹਿਮਤ ਹੋਇਆ ਕਿ ਇਹ ਗਿਰੋਹ ਨਵੇਂ ਮੈਂਬਰਾਂ ਦੀ ਭਰਤੀ ਕਿਵੇਂ ਕਰਦਾ ਹੈ।
ਉਹ ਕਹਿੰਦਾ ਹੈ, "ਉਹ ਜਾਣਦੇ ਹਨ ਕਿ ਤੁਹਾਡੇ ਦਿਮਾਗ਼ ਵਿੱਚ ਕਿਵੇਂ ਜਗ੍ਹਾ ਬਣਾਉਣੀ ਹੈ। ਤੁਸੀਂ ਜੋ ਵੀ ਚਾਹੁੰਦੇ ਹੋ, ਉਹ ਤੁਹਾਨੂੰ ਦੇ ਦਿੰਦੇ ਹਨ।"
ਉਸ ਮੁਤਾਬਕ ਇਸ ਵਿੱਚ ਮਹਿੰਗੀਆਂ ਕਾਰਾਂ ਅਤੇ ਖੁੱਲ੍ਹੇ-ਡੁੱਲ੍ਹੇ ਅਪਾਰਟਮੈਂਟਾਂ ਤੋਂ ਲੈ ਕੇ ਨਸ਼ੇ ਅਤੇ ਵੇਸਵਾਵਾਂ ਤੱਕ ਸਭ ਕੁਝ ਸ਼ਾਮਲ ਹੋ ਸਕਦਾ ਹੈ।
"ਉਹ ਤੁਹਾਨੂੰ ਜੋ ਕੁਝ ਦਿੰਦੇ ਹਨ, ਉਸ ਕਾਰਨ ਤੁਹਾਡੇ ਅੰਦਰ ਉਨ੍ਹਾਂ ਪ੍ਰਤੀ ਵਫ਼ਾਦਾਰੀ ਪੈਦਾ ਹੋ ਜਾਂਦੀ ਹੈ। ਤੁਸੀਂ ਅਖ਼ੀਰ ਤੱਕ ਉਨ੍ਹਾਂ ਨਾਲ ਰਹਿੰਦੇ ਹੋ, ਜਦੋਂ ਤੱਕ ਜਾਂ ਤਾਂ ਤੁਹਾਡੀ ਮੌਤ ਨਹੀਂ ਹੋ ਜਾਂਦੀ ਜਾਂ ਤੁਸੀਂ ਜੇਲ੍ਹ ਨਹੀਂ ਪਹੁੰਚ ਜਾਂਦੇ।"
ਕੈਮਿਲ ਇਹ ਵੀ ਦੱਸਦਾ ਹੈ ਕਿ ਜੇ ਗਿਰੋਹ ਕਿਸੇ ਨਵੇਂ ਮੈਂਬਰ ਦੀ ਕਮਜ਼ੋਰੀ ਪਛਾਣ ਲਵੇ ਤਾਂ ਕੀ ਹੁੰਦਾ ਹੈ। ਉਸ ਦਾ ਮੁਲਾਂਕਣ ਬੇਹੱਦ ਚਿੰਤਾਜਨਕ ਹੈ।
ਉਹ ਕਹਿੰਦਾ ਹੈ, "ਉਹ ਤੁਹਾਡੀ ਉਸ ਕਮਜ਼ੋਰੀ ਦਾ ਫ਼ਾਇਦਾ ਉਠਾਉਣਗੇ। ਫ਼ਿਰ ਤਾਂ ਤੁਸੀਂ ਉਨ੍ਹਾਂ ਦੇ ਗ਼ੁਲਾਮ ਹੋ, ਤੁਹਾਡੀ ਜ਼ਿੰਦਗੀ ਖ਼ਤਮ ਹੋ ਗਈ ਸਮਝੋ।"
ਡੀਜ਼ੈੱਡ ਮਾਫੀਆ ਦਾ ਮੈਂਬਰ ਐਡਮ (ਬਦਲਿਆ ਹੋਇਆ ਨਾਂ) ਸਾਨੂੰ ਸਨੈਪਚੈਟ 'ਤੇ ਵੀਡੀਓ ਕਾਲ ਦੌਰਾਨ ਦੱਸਦਾ ਹੈ ਕਿ ਉਹ ਗਿਰੋਹ ਦੀ ਇੱਕ ਕਤਲ ਕਰਨ ਵਾਲੀ ਟੀਮ ਦਾ ਹਿੱਸਾ ਸੀ।
ਉਹ ਇਸ ਸਮੇਂ ਜੇਲ੍ਹ ਵਿੱਚ ਹੈ ਅਤੇ ਕਈ ਕਤਲਾਂ ਵਿੱਚ ਸ਼ਮੂਲੀਅਤ ਦੇ ਇਲਜ਼ਾਮਾਂ ਤੋਂ ਬਾਅਦ ਮੁਕੱਦਮੇ ਦੀ ਉਡੀਕ ਕਰ ਰਿਹਾ ਹੈ।
ਐਡਮ ਦੱਸਦਾ ਹੈ, "ਲੋਕਾਂ ਨੇ ਮੇਰਾ ਦ੍ਰਿੜ ਇਰਾਦਾ ਅਤੇ ਮੇਰੀ ਬੇਰਹਿਮੀ ਦੇਖੀ। ਮੈਂ ਖ਼ੁਦ ਅਜਿਹਾ ਚਾਹੁੰਦਾ ਨਹੀਂ ਸੀ, ਪਰ ਗਿਰੋਹ ਵਿੱਚ ਪੌੜੀ ਦਰ ਪੌੜੀ ਉੱਪਰ ਚੜ੍ਹਦਾ ਗਿਆ। ਇਹ ਮੇਰੀ ਜਗ੍ਹਾ ਬਣ ਗਈ ਸੀ ਅਤੇ ਮੈਨੂੰ ਇਸੇ ਰਾਹ 'ਤੇ ਚੱਲਣਾ ਪਿਆ।"
ਗੱਲਬਾਤ ਦੌਰਾਨ ਉਹ ਇਸ ਗੱਲ ਨਾਲ ਸਹਿਮਤ ਹੁੰਦਾ ਹੈ ਕਿ ਜਿਨ੍ਹਾਂ ਕਤਲਾਂ ਦੇ ਇਲਜ਼ਾਮ ਉਸ ਉੱਤੇ ਲੱਗੇ ਹਨ, ਉਹ 'ਕਾਫ਼ੀ ਪਰੇਸ਼ਾਨ ਕਰਨ ਵਾਲੇ' ਸਨ।
ਉਹ ਦੱਸਦਾ ਹੈ, "ਦਿਨ-ਦਿਹਾੜੇ ਕਤਲ ਦੀਆਂ ਕੋਸ਼ਿਸ਼ਾਂ, ਟ੍ਰੈਫਿਕ ਜਾਮ ਵਿੱਚ ਕਿਸੇ ਵਿਅਕਤੀ 'ਤੇ ਹਮਲਾ ਕਰਨਾ, ਉਸ ਨੂੰ ਥੱਪੜ ਮਾਰਨ ਤੋਂ ਲੈ ਕੇ ਉਸ ਨੂੰ ਉਸ ਦੀ ਮਾਂ ਦੇ ਸਾਹਮਣੇ ਲਿਜਾ ਕੇ ਕਾਰ ਵਿੱਚ ਸਾੜ ਦੇਣ ਤੱਕ ਕੁਝ ਵੀ ਹੋ ਸਕਦਾ ਹੈ। ਮੇਰੇ ਖ਼ਿਆਲ ਵਿੱਚ ਮੇਰਾ ਜ਼ਬਤ ਚੰਗਾ ਹੈ। ਮੈਂ ਅਜਿਹੇ ਹਾਲਾਤ ਨਾਲ ਕਾਫ਼ੀ ਚੰਗੀ ਤਰ੍ਹਾਂ ਨਜਿੱਠ ਲੈਂਦਾ ਹਾਂ।"
ਅਸੀਂ ਐਡਮ ਨੂੰ ਪੁੱਛਿਆ ਕਿ ਕੀ ਅਜਿਹੇ ਬੇਰਹਿਮ ਕਾਰਿਆਂ ਨੂੰ ਅੰਜਾਮ ਦੇਣ ਦਾ ਉਸ ਨੂੰ ਕਦੇ ਪਛਤਾਵਾ ਮਹਿਸੂਸ ਹੁੰਦਾ ਹੈ।
ਉਹ ਕਹਿੰਦਾ ਹੈ ਕਿ ਉਸ ਨੂੰ ਕੁਝ ਹੱਦ ਤੱਕ ਅਪਰਾਧੀ ਹੋਣ ਦਾ ਅਹਿਸਾਸ ਹੁੰਦਾ ਹੈ, ਪਰ ਉਹ ਦਾਅਵਾ ਕਰਦਾ ਹੈ ਕਿ ਉਸ ਨੂੰ ਕੋਈ ਪਛਤਾਵਾ ਨਹੀਂ ਹੈ।
ਉਹ ਕਹਿੰਦਾ ਹੈ, "ਜੇ ਮੈਂ ਇਹ ਸਭ ਨਾ ਕੀਤਾ ਹੁੰਦਾ ਤਾਂ ਮੇਰੀ ਥਾਂ ਕੋਈ ਹੋਰ ਇਹ ਕੰਮ ਕਰਦਾ ਅਤੇ ਇਸੇ ਤਰ੍ਹਾਂ ਅੱਗੇ ਵੀ ਹੁੰਦਾ ਰਹਿੰਦਾ। ਮੈਂ ਤਾਂ ਕੰਧ ਵਿੱਚ ਲੱਗੀ ਇੱਕ ਹੋਰ ਇੱਟ ਵਾਂਗ ਹਾਂ।"
ਮਾਰਸੇਈ ਦੇ ਹੋਰ ਬਹੁਤ ਸਾਰੇ ਨੌਜਵਾਨਾਂ ਵਾਂਗ ਐਡਮ ਵੀ ਜਾਣਦਾ ਸੀ ਕਿ ਨਸ਼ਾ ਤਸਕਰੀ ਰਾਹੀਂ ਥੋੜ੍ਹੇ ਸਮੇਂ ਵਿੱਚ ਵੱਡੀ ਰਕਮ ਕਮਾਈ ਜਾ ਸਕਦੀ ਹੈ। ਹੁਣ ਵੀਹਵਿਆਂ ਦੀ ਉਮਰ ਵਿੱਚ ਪਹੁੰਚ ਚੁੱਕਾ ਐਡਮ ਮੰਨਦਾ ਹੈ ਕਿ ਜਿਸ ਮਾਹੌਲ ਵਿੱਚ ਉਹ ਦਾਖ਼ਲ ਹੋਇਆ ਸੀ, ਉਹ ਇੱਕ ਜਾਲ ਸੀ।
ਰਿਹਾਇਸ਼ੀ ਇਲਾਕਿਆਂ ਉੱਤੇ ਕਾਬਜ਼ ਤਸਕਰ
ਇੱਕ ਸਮਾਜਿਕ ਰਿਹਾਇਸ਼ੀ ਬਸਤੀ ਵਿੱਚ ਨਸ਼ਿਆਂ ਦੀ ਵਿਕਰੀ ਲਈ ਬਣਾਏ ਗਏ ਅਖੌਤੀ ਵਿਕਰੀ ਕੇਂਦਰ 'ਤੇ ਕੋਕੀਨ, ਚਰਸ ਅਤੇ ਭੰਗ ਦੀਆਂ ਕੀਮਤਾਂ ਦੀ ਸੂਚੀ ਕੰਧ ਉੱਤੇ ਲਿਖੀ ਹੋਈ ਹੈ। ਇਸ ਇਲਾਕੇ ਨੂੰ ਡੀਜ਼ੈੱਡ ਮਾਫੀਆ ਨੇ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਹੈ।
ਇਹ ਰਿਹਾਇਸ਼ੀ ਬਸਤੀ ਨਸ਼ਾ ਤਸਕਰਾਂ ਲਈ ਇੱਕ ਕੁਦਰਤੀ ਕਿਲ੍ਹੇ ਵਾਂਗ ਕੰਮ ਕਰਦੀ ਹੈ। ਇੱਥੇ ਆਉਣ-ਜਾਣ ਲਈ ਸਿਰਫ਼ ਇੱਕ ਮੁੱਖ ਸੜਕ ਹੈ, ਜਿਸ ਕਾਰਨ ਉਹ ਗਾਹਕਾਂ ਦੀ ਆਵਾਜਾਈ 'ਤੇ ਨਜ਼ਰ ਰੱਖ ਸਕਦੇ ਹਨ ਅਤੇ ਇਹ ਵੀ ਪਤਾ ਲਗਾ ਸਕਦੇ ਹਨ ਕਿ ਪੁਲਿਸ ਆ ਰਹੀ ਹੈ ਜਾਂ ਨਹੀਂ।
ਇਨ੍ਹਾਂ ਇਲਾਕਿਆਂ ਵਿੱਚ ਰਾਤ ਦੇ ਸੰਨਾਟੇ ਦੌਰਾਨ ਆਟੋਮੈਟਿਕ ਹਥਿਆਰਾਂ ਦੀ ਗੋਲੀਬਾਰੀ ਦੀਆਂ ਆਵਾਜ਼ਾਂ ਦਾ ਗੂੰਜਣਾ ਕੋਈ ਅਸਾਧਾਰਨ ਗੱਲ ਨਹੀਂ ਹੈ।
ਕਈ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਇੱਕ ਵਿਰੋਧੀ ਗਿਰੋਹ ਦਾ ਵਿਕਰੀ ਕੇਂਦਰ ਸੰਭਾਲਣ ਵਾਲਾ ਵਿਅਕਤੀ ਸਾਨੂੰ ਆਪਣੇ ਕੰਮ ਵਾਲੀ ਥਾਂ 'ਤੇ ਮਿਲਣ ਲਈ ਸਹਿਮਤ ਹੋ ਜਾਂਦਾ ਹੈ।
ਅਸੀਂ ਸਵੇਰੇ ਤੜਕੇ ਇਸ ਰਿਹਾਇਸ਼ੀ ਬਸਤੀ ਵਿੱਚ ਦਾਖ਼ਲ ਹੁੰਦੇ ਹਾਂ। ਪੰਛੀਆਂ ਦੀ ਚਹਿਚਹਾਟ ਅਤੇ ਸਕੂਲ ਜਾਂਦੇ ਬੱਚੇ ਇੱਥੇ ਚੱਲ ਰਹੇ ਵੱਡੇ ਪੱਧਰ ਦੇ ਅਪਰਾਧਿਕ ਕਾਰੋਬਾਰ ਦੇ ਬਿਲਕੁਲ ਉਲਟ ਤਸਵੀਰ ਪੇਸ਼ ਕਰਦੇ ਹਨ।
'ਜੋਅ' ਦੱਸਦਾ ਹੈ ਕਿ ਜਦੋਂ ਉਹ 13 ਸਾਲ ਦਾ ਸੀ ਤਾਂ ਉਹ ਹਰ ਮਹੀਨੇ 3,000 ਯੂਰੋ (2,500 ਪੌਂਡ) ਕਮਾਉਂਦਾ ਸੀ। ਹੁਣ ਉਸ ਮੁਤਾਬਕ ਉਸ ਦੀ ਮਹੀਨਾਵਾਰ ਕਮਾਈ ਵਧ ਕੇ 5,000 ਤੋਂ 10,000 ਯੂਰੋ ਤੱਕ ਪਹੁੰਚ ਗਈ ਹੈ।
ਉਸ ਨੂੰ ਲੱਗਦਾ ਹੈ ਕਿ ਉਸ ਦੀ ਜ਼ਿੰਦਗੀ ਦਾ ਰਾਹ ਪਹਿਲਾਂ ਹੀ ਤੈਅ ਹੋ ਚੁੱਕਾ ਸੀ, ਭਾਵੇਂ ਇਹ ਰਾਹ ਉਸ ਲਈ ਕਾਫ਼ੀ ਮੁਨਾਫ਼ੇ ਵਾਲਾ ਸਾਬਤ ਹੋਇਆ ਹੈ।
ਅਸੀਂ ਜੋਅ ਨੂੰ ਪੁੱਛਦੇ ਹਾਂ ਕਿ ਕੀ ਉਹ ਆਪਣੇ ਗਿਰੋਹ ਵੱਲੋਂ ਕੀਤੀ ਜਾਂਦੀ ਹਿੰਸਾ ਕਾਰਨ ਗੁਆਈਆਂ ਗਈਆਂ ਜਾਨਾਂ ਬਾਰੇ ਸੋਚਦਾ ਹੈ। ਪਰ 23 ਸਾਲਾ ਜੋਅ ਵੀ ਨਸ਼ਾ ਤਸਕਰੀ ਕਾਰਨ ਹੋਣ ਵਾਲੇ ਦਰਦ ਅਤੇ ਤਬਾਹੀ ਨੂੰ ਲੈ ਕੇ ਕਾਫ਼ੀ ਸਮਾਂ ਪਹਿਲਾਂ ਹੀ ਆਪਣੇ ਮਨ ਨੂੰ ਸਮਝਾ ਚੁੱਕਾ ਹੈ।
ਉਹ ਮੋਢੇ ਚੁੱਕਦਿਆਂ ਕਹਿੰਦਾ ਹੈ, "ਇਹ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੰਦਾ ਹੈ, ਪਰ ਅਸੀਂ ਸਾਰੇ ਆਪਣੇ ਫ਼ੈਸਲੇ ਖ਼ੁਦ ਕਰਦੇ ਹਾਂ।"
ਨਸ਼ਾ ਤਸਕਰੀ ਵਿਰੋਧੀ ਇਕਾਈ ਦੇ ਜ਼ੂਲਾਸ ਦਾ ਕਹਿਣਾ ਹੈ ਕਿ ਜੋਅ ਦਾ ਗਿਰੋਹ ਅਤੇ ਡੀਜ਼ੈੱਡ ਮਾਫੀਆ ਜੋ ਕੰਮ ਕਰ ਰਹੇ ਹਨ, ਉਹ ਕੌਮੀ ਸੁਰੱਖਿਆ ਲਈ ਖ਼ਤਰਾ ਹੈ।
ਉਨ੍ਹਾਂ ਮੁਤਾਬਕ ਇਸ ਕਾਰੋਬਾਰ ਕਾਰਨ ਸੜਕ ਹਾਦਸੇ ਵਾਪਰਦੇ ਹਨ। ਇਸ ਦੇ ਨਾਲ ਹੀ ਪਰਿਵਾਰਾਂ ਵਿੱਚ ਹਿੰਸਾ, ਡਿਪਰੈਸ਼ਨ, ਖ਼ੁਦਕੁਸ਼ੀਆਂ ਅਤੇ ਹਰ ਸਾਲ ਨਸ਼ਿਆਂ ਦੀ ਓਵਰਡੋਜ਼ ਕਾਰਨ 700 ਤੋਂ ਵੱਧ ਮੌਤਾਂ ਹੁੰਦੀਆਂ ਹਨ।
ਉਹ ਕਹਿੰਦੇ ਹਨ, "ਇਸ ਨਾਲ ਅਰਥਚਾਰਾ ਵੀ ਵਿਗੜਦਾ ਹੈ।"
"ਅਸੀਂ ਅਜਿਹੇ ਹਾਲਾਤ ਵੱਲ ਵਧ ਰਹੇ ਹਾਂ ਜਿੱਥੇ ਅਪਰਾਧਿਕ ਨਿਆਂ ਪ੍ਰਣਾਲੀ ਪੂਰੀ ਤਰ੍ਹਾਂ ਢਹਿ-ਢੇਰੀ ਹੋ ਸਕਦੀ ਹੈ।"
ਮਾਰਸੇਈ ਅਤੇ ਹੋਰ ਸ਼ਹਿਰਾਂ ਵਿੱਚ ਪੁਲਿਸ ਨੂੰ ਨਸ਼ਾ ਤਸਕਰ ਗਿਰੋਹਾਂ ਵਿਰੁੱਧ ਕੁਝ ਸਫ਼ਲਤਾਵਾਂ ਵੀ ਮਿਲੀਆਂ ਹਨ।
ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਵੱਡੇ ਗਿਰੋਹ ਚਲਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਅਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾ ਰਹੇ ਹਨ।
ਪੁਲਿਸ ਦਾ ਕਹਿਣਾ ਹੈ ਕਿ 2024 ਤੋਂ ਹੁਣ ਤੱਕ ਡੀਜ਼ੈੱਡ ਮਾਫੀਆ ਨਾਲ ਜੁੜੇ ਲਗਭਗ 1,000 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ 600 ਨੂੰ ਜੇਲ੍ਹ ਭੇਜਿਆ ਗਿਆ ਹੈ।
ਪਰ ਕੁੱਲ ਮਿਲਾ ਕੇ ਇਹ ਲੜਾਈ ਸੌਖੀ ਹੋਣ ਦੀ ਬਜਾਏ ਹੋਰ ਔਖੀ ਹੁੰਦੀ ਜਾ ਰਹੀ ਹੈ।
ਗਿਰੋਹ ਆਪਣੀਆਂ ਗਤੀਵਿਧੀਆਂ ਦਾ ਘੇਰਾ ਵਧਾਉਣ ਜਾਂ ਗ੍ਰਿਫ਼ਤਾਰ ਕੀਤੇ ਗਏ ਜਾਂ ਮਾਰੇ ਗਏ ਮੈਂਬਰਾਂ ਦੀ ਥਾਂ ਨਵੇਂ ਲੋਕਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਵਿੱਚ ਸੋਸ਼ਲ ਮੀਡੀਆ ਭਰਤੀ ਦਾ ਇੱਕ ਬੇਹੱਦ ਪ੍ਰਭਾਵਸ਼ਾਲੀ ਸਾਧਨ ਬਣ ਗਿਆ ਹੈ।
ਖ਼ਾਸ ਤੌਰ 'ਤੇ ਕੋਵਿਡ ਮਹਾਮਾਰੀ ਤੋਂ ਬਾਅਦ ਇਸ ਦੀ ਵਰਤੋਂ ਵਧੀ ਹੈ, ਜਦੋਂ ਨਸ਼ਿਆਂ ਦੀ ਵਿਕਰੀ ਦਾ ਕਾਬੋਬਾਰ ਆਨਲਾਈਨ ਹੋਣ ਲੱਗਾ ਸੀ।
ਸੋਸ਼ਲ ਮੀਡੀਆ 'ਤੇ ਸਾਨੂੰ ਮਾਰਸੇਈ ਵਿੱਚ ਕੰਮ ਦੀ ਭਾਲ ਕਰ ਰਹੇ ਲੋਕਾਂ ਲਈ ਅਣਗਿਣਤ ਇਸ਼ਤਿਹਾਰ ਮਿਲੇ। ਇਨ੍ਹਾਂ ਵਿੱਚ ਡਰਾਈਵਰਾਂ, ਡਿਲਿਵਰੀ ਕਰਨ ਵਾਲਿਆਂ ਅਤੇ ਸ਼ੂਟਰਾਂ ਦੀ ਭਰਤੀ ਕੀਤੀ ਜਾ ਰਹੀ ਸੀ। ਇਨ੍ਹਾਂ ਇਸ਼ਤਿਹਾਰਾਂ ਵਿੱਚ ਅਕਸਰ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤਿਆਰ ਕੀਤੀਆਂ ਅਜਿਹੀਆਂ ਤਸਵੀਰਾਂ ਵਰਤੀਆਂ ਗਈਆਂ ਸਨ, ਜੋ ਇਨ੍ਹਾਂ ਕੰਮਾਂ ਨੂੰ ਆਕਰਸ਼ਕ ਬਣਾ ਕੇ ਪੇਸ਼ ਕਰਦੀਆਂ ਸਨ।
ਹੁਣ ਭਰਤੀ ਦਾ ਜਾਲ ਹੋਰ ਵੀ ਦੂਰ ਤੱਕ ਫੈਲਾਇਆ ਜਾ ਰਿਹਾ ਹੈ, ਕਿਉਂਕਿ ਸਥਾਨਕ ਨੌਜਵਾਨਾਂ ਨੂੰ ਲਾਲਚ ਦੇ ਕੇ ਫਸਾਉਣਾ ਔਖਾ ਹੋ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਹੁਣ ਇਸ ਗੱਲ ਬਾਰੇ ਜਾਗਰੂਕ ਹੋਣਾ ਕਿ ਉਨ੍ਹਾਂ ਨਾਲ ਕੀ ਹੋ ਸਕਦਾ ਹੈ।
ਪੁਲਿਸ ਮੁਤਾਬਕ ਇਹ ਇਸ਼ਤਿਹਾਰ ਫਰਾਂਸ ਦੇ ਲਗਭਗ ਹਰ ਹਿੱਸੇ ਵਿੱਚ ਰਹਿਣ ਵਾਲੇ ਨਾਬਾਲਗਾਂ ਤੱਕ ਪਹੁੰਚ ਸਕਦੇ ਹਨ। ਇਨ੍ਹਾਂ ਵਿੱਚ ਪੈਰਿਸ ਵਰਗੇ ਵੱਡੇ ਸ਼ਹਿਰ ਵੀ ਸ਼ਾਮਲ ਹਨ। ਇਹ ਇਸ਼ਤਿਹਾਰ ਉਨ੍ਹਾਂ ਨੂੰ ਮਾਰਸੇਈ ਅਤੇ ਖ਼ਾਸ ਤੌਰ 'ਤੇ ਕੁਆਰਤੀਅਰ ਨੋਰਡ ਵੱਲ ਖਿੱਚਣ ਦਾ ਇੱਕ ਸ਼ਕਤੀਸ਼ਾਲੀ ਸਾਧਨ ਬਣ ਗਏ ਹਨ।
ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਨਲਾਈਨ ਇਸ਼ਤਿਹਾਰਬਾਜ਼ੀ ਕਾਰਨ ਗਿਰੋਹਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਆਮ ਪਛਾਣ ਵੀ ਬਦਲ ਗਈ ਹੈ।
ਹੁਣ ਅਕਸਰ ਅਜਿਹੇ ਲੋਕ ਗਿਰੋਹਾਂ ਵਿੱਚ ਸ਼ਾਮਲ ਹੋ ਰਹੇ ਹਨ, ਜਿਨ੍ਹਾਂ ਦਾ ਪਹਿਲਾਂ ਕੋਈ ਅਪਰਾਧਿਕ ਪਿਛੋਕੜ ਨਹੀਂ ਹੁੰਦਾ, ਪਰ ਉਨ੍ਹਾਂ ਦੇ ਹਾਲਾਤ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਗਿਰੋਹ ਫ਼ਾਇਦਾ ਉਠਾ ਸਕਦੇ ਹਨ। ਮਿਸਾਲ ਵਜੋਂ, ਉਨ੍ਹਾਂ ਦੀਆਂ ਪਰਿਵਾਰਕ ਮੁਸ਼ਕਲਾਂ ਹੋ ਸਕਦੀਆਂ ਹਨ।
ਫਰਾਂਸ ਦੀ ਸੰਗਠਿਤ ਅਪਰਾਧ ਵਿਰੋਧੀ ਇਕਾਈ ਦੇ ਮੁਖੀ ਥਿਬੋ ਫੋਂਤੇਨ ਦੱਸਦੇ ਹਨ, "ਇਨ੍ਹਾਂ ਲੋਕਾਂ ਨੂੰ ਬੇਈਮਾਨ ਗਿਰੋਹ ਭਰਤੀ ਕਰਦੇ ਹਨ ਅਤੇ ਉਨ੍ਹਾਂ ਨੂੰ ਅਪਰਾਧ ਦੀ ਦੁਨੀਆਂ ਵਿੱਚ ਧੱਕ ਦਿੰਦੇ ਹਨ।"
ਉਨ੍ਹਾਂ ਦਾ ਕਹਿਣਾ ਹੈ ਕਿ ਅਪਰਾਧਿਕ ਗਤੀਵਿਧੀਆਂ ਦਾ ਤਜਰਬਾ ਨਾ ਹੋਣ ਕਾਰਨ ਇਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕਰਨਾ ਪੁਲਿਸ ਲਈ ਸੌਖਾ ਹੁੰਦਾ ਹੈ।
ਕੈਰੀਨ ਨੂੰ ਅੱਜ ਵੀ ਇਹ ਨਹੀਂ ਪਤਾ ਕਿ ਉਸ ਦੇ ਪੁੱਤਰ ਹਿਊਗੋ ਨੂੰ ਗੋਲੀ ਕਿਉਂ ਮਾਰੀ ਗਈ ਸੀ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਮਾਰਸੇਈ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੀ ਭਰਤੀ ਕਰਨ ਵਾਲੇ ਗਿਰੋਹਾਂ ਨੂੰ ਕੀ ਕਹਿਣਾ ਚਾਹੁਣਗੇ। ਤਾਂ ਕੈਰੀਨ ਨੇ ਕਿਹਾ, "ਉਹ ਪਰਿਵਾਰਾਂ ਨੂੰ ਤਬਾਹ ਕਰ ਦਿੰਦੇ ਹਨ। ਛੋਟੀਆਂ ਭੈਣਾਂ, ਛੋਟੇ ਭਰਾਵਾਂ ਅਤੇ ਦਾਦਾ-ਦਾਦੀਆਂ ਨੂੰ ਵੀ ਇਸ ਦਾ ਨੁਕਸਾਨ ਝੱਲਣਾ ਪੈਂਦਾ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਲੋਕਾਂ ਦੇ ਅੰਦਰ ਸੱਚਮੁੱਚ ਕੋਈ ਦਿਲ ਹੈ।"
ਜਿਸ ਰੈਸਟੋਰੈਂਟ ਵਿੱਚ ਕੰਮ ਕਰਨ ਲਈ ਜਾਣ ਦੀ ਗੱਲ ਹਿਊਗੋ ਨੇ ਆਪਣੇ ਪਰਿਵਾਰ ਨੂੰ ਦੱਸੀ ਸੀ, ਉਹ ਰੈਸਟੋਰੈਂਟ ਅਸਲ ਵਿੱਚ ਮੌਜੂਦ ਸੀ। ਪਰ ਉੱਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਕੈਰੀਨ ਨੂੰ ਦੱਸਿਆ ਕਿ ਉਨ੍ਹਾਂ ਨੇ ਹਿਊਗੋ ਨਾਂ ਦੇ ਕਿਸੇ ਵੀ ਵਿਅਕਤੀ ਨੂੰ ਕਦੇ ਨੌਕਰੀ 'ਤੇ ਨਹੀਂ ਰੱਖਿਆ ਸੀ।
ਉਸ ਦੀ ਮੌਤ ਦਾ ਅਸਲ ਕਾਰਨ ਲਗਭਗ ਨਿਸ਼ਚਿਤ ਤੌਰ 'ਤੇ ਮਾਰਸੇਈ ਦੇ ਕੁਆਰਤੀਅਰ ਨੋਰਡ ਇਲਾਕੇ ਵਿੱਚ ਹੀ ਲੁਕਿਆ ਹੋਇਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ