"ਨੋ ਮੈਨਜ਼ ਲੈਂਡ": 3 ਅਜਿਹੇ ਇਲਾਕੇ ਜੋ ਕਿਸੇ ਵੀ ਦੇਸ਼ ਦੇ ਨਹੀਂ ਹਨ ਅਤੇ ਕੋਈ ਵੀ ਇਨ੍ਹਾਂ 'ਤੇ ਦਾਅਵਾ ਕਿਉਂ ਨਹੀਂ ਕਰਦਾ

    • ਲੇਖਕ, ਲਿਜ਼ੀ ਮੈਕਨੀਲ ਅਤੇ ਜੋਸ਼ ਮੈਕਮਿਨ
    • ਰੋਲ, ਬੀਬੀਸੀ ਨਿਊਜ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਕਈ ਵਾਰ ਬਹੁਤ ਵੱਡੇ ਵਿਹਾਰਕ ਮਹੱਤਵ ਵਾਲੀਆਂ ਘਟਨਾਵਾਂ ਸਾਡੇ ਮਨ ਵਿੱਚ ਬੇਹੱਦ ਦਿਲਚਸਪ ਪਰ ਬਿਲਕੁਲ ਬੇਕਾਰ ਵਿਚਾਰ ਪੈਦਾ ਕਰ ਦਿੰਦੀਆਂ ਹਨ।

ਇਹੀ ਕੁਝ ਬੀਬੀਸੀ ਦੇ ਇੱਕ ਵਫ਼ਾਦਾਰ ਸਰੋਤੇ ਨਾਈਜਲ ਨਾਲ ਹੋਇਆ। ਜਦੋਂ ਉਹ ਈਰਾਨ ਵਿੱਚ ਚੱਲ ਰਹੇ ਸੰਘਰਸ਼ ਅਤੇ ਸਟ੍ਰੇਟ ਆਫ ਹੋਰਮੁਜ਼ ਦੀ ਪ੍ਰਭੂਸੱਤਾ ਨੂੰ ਲੈ ਕੇ ਚੱਲ ਰਹੇ ਸਮੁੰਦਰੀ ਵਿਵਾਦ ਬਾਰੇ ਸੋਚ ਰਹੇ ਸੀ, ਤਾਂ ਉਨ੍ਹਾਂ ਦਾ ਮਨ ਭਟਕ ਕੇ ਇੱਕ ਹੋਰ ਵੀ ਵਿਆਪਕ ਅਤੇ ਸਪੱਸ਼ਟ ਤੌਰ 'ਤੇ ਕਿਤੇ ਘੱਟ ਜ਼ਰੂਰੀ ਸਵਾਲ ਵੱਲ ਚਲਾ ਗਿਆ, ਜੋ ਸੀ, ਧਰਤੀ ਦੀ ਸਤ੍ਹਾ ਦਾ ਕਿੰਨਾ ਫੀਸਦ ਹਿੱਸਾ ਬਿਲਕੁਲ ਕਿਸੇ ਦਾ ਵੀ ਨਹੀਂ ਹੈ?

ਦੁਨੀਆ ਦੇ ਕਿਸੇ ਅਜਿਹੇ ਕੋਨੇ ਦਾ ਸ਼ਾਨਦਾਰ ਰੋਮਾਂਸ, ਜਿਸ 'ਤੇ ਕਿਸੇ ਦਾ ਵੀ ਦਾਅਵਾ ਨਾ ਹੋਵੇ! ਇੱਕ ਅਜਿਹੀ ਪਨਾਹਗਾਹ, ਜੋ ਨਿਰਾਸ਼ਾਜਨਕ ਸੁਰਖੀਆਂ ਅਤੇ ਰੋਜ਼ਾਨਾ ਜ਼ਿੰਦਗੀ ਦੇ ਤਣਾਅ ਤੋਂ ਬਹੁਤ ਦੂਰ ਹੋਵੇ।

ਇਹ ਪਤਾ ਲਗਾਉਣ ਲਈ ਕਿ ਕੀ ਅਜਿਹੀਆਂ ਥਾਵਾਂ ਅਜੇ ਵੀ ਮੌਜੂਦ ਹਨ, ਅਸੀਂ ਭੂਗੋਲ ਵਿਗਿਆਨੀ ਅਤੇ ਮਸ਼ਹੂਰ ਬ੍ਰਿਟਿਸ਼ ਯੂਟਿਊਬ ਜੋੜੀ ਮੈਪ ਮੈਨ ਦੇ ਮੈਂਬਰ ਮਾਰਕ ਕੂਪਰ ਜੋਨਜ਼ ਨਾਲ ਗੱਲ ਕੀਤੀ।

ਉਨ੍ਹਾਂ ਨੇ ਤੁਰੰਤ ਸਾਵਧਾਨ ਕਰਦਿਆਂ ਕਿਹਾ, "ਦੁਨੀਆ ਦੀ ਸਤ੍ਹਾ ਦਾ ਕਿੰਨਾ ਹਿੱਸਾ ਕਿਸੇ ਦਾ ਨਹੀਂ ਹੈ, ਇਹ ਬਹੁਤ ਦਿਲਚਸਪ ਸਵਾਲ ਹੈ, ਪਰ ਇਹ ਪੂਰੀ ਤਰ੍ਹਾਂ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਨੂੰ ਕਿਸ ਤਰ੍ਹਾਂ ਪੇਸ਼ ਕਰਦੇ ਹੋ।"

ਅਜਿਹਾ ਇਸ ਲਈ ਕਿਉਂਕਿ ਧਰਤੀ ਦਾ ਜ਼ਿਆਦਾਤਰ ਹਿੱਸਾ ਸੁੱਕੀ ਜ਼ਮੀਨ ਦੀ ਬਜਾਏ ਸਮੁੰਦਰ ਹੈ, ਇਸ ਲਈ ਸ਼ਾਇਦ ਸਮੁੰਦਰ ਤੋਂ ਸ਼ੁਰੂਆਤ ਕਰਨਾ ਸਭ ਤੋਂ ਵਧੀਆ ਰਹੇਗਾ।

ਉਨ੍ਹਾਂ ਨੇ ਕਿਹਾ, "ਜਿਵੇਂ ਹੀ ਤੁਸੀਂ ਕਿਸੇ ਵੀ ਦੇਸ਼ ਦੇ ਤੱਟ ਤੋਂ 200 ਸਮੁੰਦਰੀ ਮੀਲ (ਲਗਭਗ 370 ਕਿਲੋਮੀਟਰ) ਦੂਰ ਚਲੇ ਜਾਂਦੇ ਹੋ, ਤੁਸੀਂ ਉਸ ਖੇਤਰ ਵਿੱਚ ਪਹੁੰਚ ਜਾਂਦੇ ਹੋ ਜਿਸ ਨੂੰ ਖੁੱਲ੍ਹਾ ਸਮੁੰਦਰ ਕਿਹਾ ਜਾਂਦਾ ਹੈ।"

"ਕੌਮਾਂਤਰੀ ਸਮੁੰਦਰੀ ਕਾਨੂੰਨ ਅਨੁਸਾਰ, ਇਹ ਮੂਲ ਰੂਪ ਵਿੱਚ ਸਮੁੱਚੀ ਮਨੁੱਖਤਾ ਦੇ ਸਾਂਝੇ ਭਲੇ ਲਈ ਹੈ। ਉੱਥੇ ਕੋਈ ਵੀ ਮੱਛੀਆਂ ਫੜ ਸਕਦਾ ਹੈ ਜਾਂ ਵਿਗਿਆਨਕ ਖੋਜ ਕਰ ਸਕਦਾ ਹੈ।"

ਇਹ ਵਿਚਾਰ ਕਿ ਸਮੁੰਦਰਾਂ 'ਤੇ ਕਿਸੇ ਦੀ ਮਲਕੀਅਤ ਨਹੀਂ ਹੋ ਸਕਦੀ, 17ਵੀਂ ਸਦੀ ਦਾ ਹੈ। ਉਸ ਸਮੇਂ ਡੱਚ ਵਿਦਵਾਨ ਹਿਊਗੋ ਗ੍ਰੋਸ਼ੀਅਸ ਨੇ ਮਾਰੇ ਲਿਬੇਰਮ ਨਾਮ ਦਾ ਇੱਕ ਲੇਖ ਲਿਖਿਆ ਸੀ, ਜਿਸ ਦਾ ਲਾਤੀਨੀ ਭਾਸ਼ਾ ਵਿੱਚ ਅਰਥ ਹੈ "ਫ੍ਰੀ ਸੀਜ਼ ਭਾਵ ਆਜ਼ਾਦ ਸਮੁੰਦਰ"।

ਉਨ੍ਹਾਂ ਦੀ ਦਲੀਲ ਸੀ ਕਿ ਤੁਸੀਂ ਸਿਰਫ਼ ਉਸ ਚੀਜ਼ ਦੇ ਮਾਲਕ ਬਣ ਸਕਦੇ ਹੋ ਜਿਸ ਦੀ ਵਰਤੋਂ ਕਰ ਕੇ ਉਸ ਨੂੰ ਖ਼ਤਮ ਕੀਤਾ ਜਾ ਸਕੇ। ਸਮੁੰਦਰ ਇੰਨਾ ਵਿਸ਼ਾਲ ਹੈ ਕਿ ਉਹ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਬਣ ਸਕਦਾ।

ਇਸ ਤਰ੍ਹਾਂ ਕੌਮਾਂਤਰੀ ਜਲ ਖੇਤਰਾਂ ਦੀ ਧਾਰਨਾ ਦਾ ਜਨਮ ਹੋਇਆ ਅਤੇ ਅਸੀਂ ਧਰਤੀ ਦੇ ਇੱਕ ਵਿਸ਼ਾਲ ਹਿੱਸੇ ਦੀ ਗੱਲ ਕਰ ਰਹੇ ਹਾਂ, ਵਿਸ਼ਵ ਆਰਥਿਕ ਮੰਚ ਅਨੁਸਾਰ, ਧਰਤੀ ਦੀ ਸਤ੍ਹਾ ਦਾ ਲਗਭਗ 43 ਫੀਸਦ ਹਿੱਸਾ ਇਸ ਸ਼੍ਰੇਣੀ ਵਿੱਚ ਆਉਂਦਾ ਹੈ।

ਪਰ ਸੁੱਕੀ ਧਰਤੀ ਦਾ ਕੀ? ਕੀ ਅਜਿਹੇ ਇਲਾਕੇ ਵੀ ਹਨ ਜੋ ਕਿਸੇ ਦੇ ਨਹੀਂ ਹਨ?

ਹੁਣ ਇੱਕ ਹੋਰ ਲਾਤੀਨੀ ਸ਼ਬਦ ਜਾਣਨ ਦਾ ਸਮਾਂ ਹੈ।

ਟੈਰਾ ਨੁਲੀਅਸ

ਭੂਗੋਲ ਵਿਗਿਆਨੀ ਕੂਪਰ ਜੋਨਜ਼ ਸਮਝਾਉਂਦੇ ਹਨ ਕਿ ਟੈਰਾ ਨੁਲੀਅਸ ਜਾਂ ਕਿਸੇ ਦੀ ਮਲਕੀਅਤ ਤੋਂ ਰਹਿਤ ਧਰਤੀ ਸਿਰਫ਼ ਇੱਕ ਨਾਂ ਨਹੀਂ ਹੈ, ਸਗੋਂ ਇਹ ਇੱਕ ਅਜਿਹਾ ਸਿਧਾਂਤ ਹੈ, ਜੋ ਕਿਸੇ ਨੂੰ ਵੀ ਉਨ੍ਹਾਂ ਇਲਾਕਿਆਂ 'ਤੇ ਦਾਅਵਾ ਕਰਨ ਦੀ ਇਜਾਜ਼ਤ ਦਿੰਦਾ ਹੈ, ਜਿਨ੍ਹਾਂ 'ਤੇ ਪਹਿਲਾਂ ਕਿਸੇ ਹੋਰ ਨੇ ਦਾਅਵਾ ਨਾ ਕੀਤਾ ਹੋਵੇ ਜਾਂ ਜਿਨ੍ਹਾਂ 'ਤੇ ਕਿਸੇ ਦਾ ਕਬਜ਼ਾ ਨਾ ਹੋਵੇ।

ਕੂਪਰ ਜੋਨਜ਼ ਦੱਸਦੇ ਹਨ, "ਇਸ ਵਿਚਾਰ ਦੀ ਵਰਤੋਂ ਕੁਝ ਵਿਵਾਦਪੂਰਨ ਢੰਗ ਨਾਲ ਕੀਤੀ ਗਈ ਸੀ, ਖ਼ਾਸ ਕਰਕੇ ਬਸਤੀਵਾਦੀ ਵਿਸਥਾਰ ਦੇ ਦੌਰ ਦੌਰਾਨ।"

"ਭਾਵੇਂ ਬਹੁਤ ਸਾਰੇ ਬਸਤੀਵਾਦੀ ਇਲਾਕਿਆਂ ਵਿੱਚ ਲੋਕ ਰਹਿੰਦੇ ਸਨ, ਪਰ ਕਿਉਂਕਿ ਉਨ੍ਹਾਂ ਨੇ ਆਪਣੇ ਆਪ ਨੂੰ ਅਜਿਹੇ ਢਾਂਚੇ ਵਿੱਚ ਸੰਗਠਿਤ ਨਹੀਂ ਕੀਤਾ ਸੀ, ਜੋ ਮਾਨਤਾ ਪ੍ਰਾਪਤ ਕੌਮੀ ਰਾਜਾਂ ਵਰਗਾ ਦਿਖਾਈ ਦਿੰਦਾ ਹੋਵੇ, ਇਸ ਲਈ ਉਨ੍ਹਾਂ ਇਲਾਕਿਆਂ ਨੂੰ ਟੈਰਾ ਨੁਲੀਅਸ ਕਹਿ ਕੇ ਇਹ ਦਰਸਾਇਆ ਗਿਆ ਕਿ ਉਹ ਕਬਜ਼ੇ ਲਈ ਉਪਲਬਧ ਸਨ।"

ਉਹ ਅੱਗੇ ਦੱਸਦੇ ਹਨ, "ਤੁਹਾਨੂੰ ਅੱਜ ਵੀ ਅਜਿਹੇ ਨਕਸ਼ੇ ਮਿਲ ਸਕਦੇ ਹਨ, ਜਿਨ੍ਹਾਂ ਵਿੱਚ ਪੂਰੇ ਅਫ਼ਰੀਕਾ ਨੂੰ ਟੈਰਾ ਨੁਲੀਅਸ ਵਜੋਂ ਦਰਸਾਇਆ ਗਿਆ ਹੈ, ਹਾਲਾਂਕਿ, ਬੇਸ਼ੱਕ, ਉੱਥੇ ਬਹੁਤ ਸਾਰੇ ਲੋਕ ਰਹਿੰਦੇ ਸਨ।"

"ਇਹ ਕਹਿਣ ਦਾ ਇੱਕ ਤਰੀਕਾ ਸੀ ਕਿ 'ਇਹ ਥਾਂ ਗ੍ਰੇਟ ਬ੍ਰਿਟੇਨ, ਸਪੇਨ ਜਾਂ ਆਸਟਰੀਆ ਵਰਗੀ ਨਹੀਂ ਲੱਗਦੀ, ਇਸ ਲਈ ਸ਼ਾਇਦ ਅਸੀਂ ਇਸ ਨੂੰ ਆਪਣੇ ਕੋਲ ਰੱਖ ਸਕਦੇ ਹਾਂ।'"

ਅੱਜ ਟੈਰਾ ਨੁਲੀਅਸ ਨੂੰ ਆਮ ਤੌਰ 'ਤੇ ਅਜਿਹਾ ਇਲਾਕਾ ਸਮਝਿਆ ਜਾਂਦਾ ਹੈ, ਜਿਸ 'ਤੇ ਕਿਸੇ ਵੀ ਦੇਸ਼ ਨੇ ਦਾਅਵਾ ਨਾ ਕੀਤਾ ਹੋਵੇ ਅਤੇ ਜੋ ਕਿਸੇ ਵੀ ਮਾਨਤਾ ਪ੍ਰਾਪਤ ਸਰਕਾਰ ਦੀ ਪ੍ਰਭੂਸੱਤਾ ਅਧੀਨ ਨਾ ਹੋਵੇ।

ਪਰ ਹੁਣ ਲਗਭਗ ਹਰ ਚੀਜ਼ ਦੀ ਮਲਕੀਅਤ ਕਿਸੇ ਨਾ ਕਿਸੇ ਕੋਲ ਹੈ। ਸਿਰਫ਼ ਕੁਝ ਛੋਟੇ ਜਿਹੇ ਅਪਵਾਦ ਹਨ… ਅਤੇ ਇੱਕ ਬਹੁਤ ਵੱਡਾ ਅਪਵਾਦ ਵੀ।

ਮੈਰੀ ਬਰਡ ਦੀ ਧਰਤੀ

ਸਭ ਤੋਂ ਵੱਡਾ ਅਜਿਹਾ ਇਲਾਕਾ 16 ਲੱਖ ਵਰਗ ਕਿਲੋਮੀਟਰ ਤੋਂ ਵੱਧ ਦਾ ਖੇਤਰ, ਅੰਟਾਰਕਟਿਕਾ ਵਿੱਚ ਹੈ, ਜਿਸ 'ਤੇ ਕਿਸੇ ਵੀ ਦੇਸ਼ ਦੀ ਮਲਕੀਅਤ ਨਹੀਂ ਹੈ ਅਤੇ ਨਾ ਹੀ ਕਿਸੇ ਦੇਸ਼ ਨੇ ਇਸ 'ਤੇ ਦਾਅਵਾ ਕੀਤਾ ਹੈ।

ਇਸ ਨੂੰ ਮੈਰੀ ਬਰਡ ਦੀ ਧਰਤੀ ਕਿਹਾ ਜਾਂਦਾ ਹੈ ਅਤੇ ਇਸ ਨਾਂ ਪਿੱਛੇ ਵੀ ਆਪਣੀ ਇੱਕ ਕਹਾਣੀ ਹੈ।

ਕੂਪਰ ਜੋਨਜ਼ ਦੱਸਦੇ ਹਨ, "ਇਸ ਦਾ ਨਾਂ ਅਮਰੀਕੀ ਜਲ ਸੈਨਾ ਦੇ ਇੱਕ ਕਪਤਾਨ ਅਤੇ ਅੰਟਾਰਕਟਿਕਾ ਦੇ ਖੋਜੀ ਰਿਚਰਡ ਬਰਡ ਨੇ ਲਗਭਗ ਸੌ ਸਾਲ ਪਹਿਲਾਂ ਰੱਖਿਆ ਸੀ। ਜਦੋਂ ਉਹ ਬਰਫ਼ ਨਾਲ ਢਕੇ ਉਸ ਵਿਸ਼ਾਲ ਉਜਾੜ ਵਿੱਚ ਸਫ਼ਰ ਕਰ ਰਹੇ ਸਨ, ਤਾਂ ਉਨ੍ਹਾਂ ਦੀ ਪਤਨੀ ਮੈਰੀ ਉਨ੍ਹਾਂ ਨੂੰ ਚਿੱਠੀਆਂ ਲਿਖਦੀ ਸੀ।"

"ਉਨ੍ਹਾਂ ਨੇ ਖੋਜ ਕਰਨ ਲਈ ਸਭ ਤੋਂ ਔਖੇ ਇਲਾਕੇ ਦਾ ਨਾਂ ਆਪਣੀ ਪਤਨੀ ਦੇ ਨਾਂ 'ਤੇ ਰੱਖ ਦਿੱਤਾ। ਇਸ ਲਈ, ਜੇਕਰ ਕਿਸੇ ਦਾ ਉਸ ਵਿਸ਼ਾਲ ਇਲਾਕੇ 'ਤੇ ਕੋਈ ਦਾਅਵਾ ਬਣਦਾ ਹੈ, ਤਾਂ ਉਹ ਮੈਰੀ ਬਰਡ ਦਾ ਹੈ। ਪਰ ਉਨ੍ਹਾਂ ਦੀ ਮੌਤ ਨੂੰ ਲਗਭਗ 60 ਸਾਲ ਹੋ ਚੁੱਕੇ ਹਨ।"

1959 ਵਿੱਚ ਅੰਟਾਰਕਟਿਕ ਸੰਧੀ 'ਤੇ ਦਸਤਖ਼ਤ ਕੀਤੇ ਗਏ ਸਨ। ਇਸ ਸੰਧੀ ਨੇ ਬਰਫ਼ ਨਾਲ ਢਕੇ ਇਸ ਮਹਾਂਦੀਪ 'ਤੇ ਖੇਤਰੀ ਦਾਅਵਿਆਂ ਨੂੰ ਰੋਕ ਦਿੱਤਾ ਅਤੇ ਇਸ ਨੂੰ ਇੱਕ ਅਜਿਹੀ ਕੌਮਾਂਤਰੀ ਵਿਵਸਥਾ ਅਧੀਨ ਰੱਖਿਆ, ਜੋ ਵਿਸ਼ੇਸ਼ ਤੌਰ 'ਤੇ ਸ਼ਾਂਤੀ ਅਤੇ ਵਿਗਿਆਨ ਨੂੰ ਸਮਰਪਿਤ ਹੈ।

ਪਰ ਉਨ੍ਹਾਂ ਸੱਤ ਦੇਸ਼ਾਂ ਨੇ ਵੀ, ਜਿਨ੍ਹਾਂ ਨੇ ਰਸਮੀ ਤੌਰ 'ਤੇ ਆਪਣੇ ਖੇਤਰੀ ਦਾਅਵੇ ਪੇਸ਼ ਕੀਤੇ ਸਨ, ਮੈਰੀ ਬਰਡ ਦੀ ਧਰਤੀ ਤੱਕ ਆਪਣੇ ਦਾਅਵੇ ਨਹੀਂ ਵਧਾਏ।

ਇਨ੍ਹਾਂ ਵਿੱਚ ਅਰਜਨਟੀਨਾ, ਆਸਟ੍ਰੇਲੀਆ, ਚਿਲੀ, ਫਰਾਂਸ, ਨਿਊਜ਼ੀਲੈਂਡ, ਨਾਰਵੇ ਅਤੇ ਯੂਨਾਈਟਿਡ ਕਿੰਗਡਮ ਸ਼ਾਮਲ ਹਨ। ਇਸ ਤੋਂ ਇਲਾਵਾ ਨਾ ਹੀ ਅਮਰੀਕਾ ਅਤੇ ਰੂਸ ਨੇ ਅਜਿਹਾ ਕੀਤਾ ਹੈ।

ਹਾਲਾਂਕਿ ਉਹ ਆਪਣੇ ਦਾਅਵਿਆਂ ਦੀ ਬੁਨਿਆਦ ਕਾਇਮ ਰੱਖਦੇ ਹਨ ਅਤੇ ਭਵਿੱਖ ਵਿੱਚ ਦਾਅਵੇ ਪੇਸ਼ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਨ।

ਇਸ ਇਲਾਕੇ ਦੀ ਅਜੇ ਤੱਕ ਕੋਈ ਮਲਕੀਅਤ ਕਿਉਂ ਨਹੀਂ ਹੈ?

ਕੂਪਰ ਜੋਨਜ਼ ਦੱਸਦੇ ਹਨ ਕਿ ਇਸ ਦਾ ਇੱਕ ਕਾਰਨ ਇਸ ਦੀ ਬੇਹੱਦ ਦੂਰ-ਦੁਰਾਡੇ ਦੀ ਸਥਿਤੀ ਹੈ।

ਉਹ ਕਹਿੰਦੇ ਹਨ, "ਅੰਟਾਰਕਟਿਕਾ ਦੇ ਮਿਆਰਾਂ ਮੁਤਾਬਕ ਵੀ ਇਹ ਬਹੁਤ ਦੂਰ ਹੈ। ਇਸ ਦੀ ਤੱਟਰੇਖਾ ਕਿਸੇ ਹੋਰ ਇਲਾਕੇ ਦੇ ਨੇੜੇ ਨਹੀਂ ਹੈ ਨਾ ਦੱਖਣੀ ਅਮਰੀਕਾ ਦੇ ਸਿਰੇ ਦੇ, ਨਾ ਆਸਟ੍ਰੇਲੀਆ ਦੇ ਅਤੇ ਨਾ ਹੀ ਕਿਸੇ ਹੋਰ ਥਾਂ ਦੇ।"

"ਉੱਥੇ ਪਹੁੰਚਣਾ ਬੇਹੱਦ ਮੁਸ਼ਕਲ ਹੈ। ਉਸ ਇਲਾਕੇ ਦੇ ਉੱਪਰੋਂ ਬਹੁਤ ਘੱਟ ਜਹਾਜ਼ ਉੱਡਦੇ ਹਨ, ਸਿਵਾਏ ਉਨ੍ਹਾਂ ਜਹਾਜ਼ਾਂ ਦੇ ਜੋ ਇਸ ਦੀ ਨਕਸ਼ਾਬੰਦੀ ਕਰਦੇ ਹਨ।"

ਉਹ ਅੱਗੇ ਕਹਿੰਦੇ ਹਨ, "ਫਿਲਹਾਲ ਹਾਲਾਤ ਇਸੇ ਤਰ੍ਹਾਂ ਬਣੇ ਹੋਏ ਹਨ। ਪਰ ਤੁਸੀਂ ਜਾਣਦੇ ਹੀ ਹੋ ਕਿ ਜਿਵੇਂ ਹੀ ਕਿਸੇ ਨੂੰ ਕੋਈ ਬੇਹੱਦ ਕੀਮਤੀ ਚੀਜ਼ ਮਿਲਦੀ ਹੈ ਜਾਂ ਅੰਟਾਰਕਟਿਕਾ ਵਿੱਚ ਬਰਫ਼ ਦੀਆਂ ਚਾਦਰਾਂ ਪਿਘਲਣ ਲੱਗਦੀਆਂ ਹਨ, ਤਾਂ ਤੁਸੀਂ ਯਕੀਨ ਕਰ ਸਕਦੇ ਹੋ ਕਿ ਅਚਾਨਕ ਇਹ ਇਲਾਕਾ ਕਿਸੇ ਨਾ ਕਿਸੇ ਵਿਵਾਦ ਦਾ ਵਿਸ਼ਾ ਬਣ ਜਾਵੇਗਾ।"

ਅੰਟਾਰਕਟਿਕਾ ਤੋਂ ਇਲਾਵਾ, ਧਰਤੀ ਦਾ ਲਗਭਗ ਸਾਰਾ ਇਲਾਕਾ ਕਿਸੇ ਨਾ ਕਿਸੇ ਦੇਸ਼ ਦਾ ਹਿੱਸਾ ਹੈ।

ਪਰ ਇਸ ਦੇ ਦੋ ਖ਼ਾਸ ਅਪਵਾਦ ਹਨ, ਜੋ ਭੂ-ਰਾਜਨੀਤੀ ਦੇ ਦਿਲਚਸਪ ਵਿਰੋਧਾਭਾਸ ਹਨ। ਇਨ੍ਹਾਂ ਦੇ ਮੌਜੂਦ ਹੋਣ ਦਾ ਇੱਕੋ-ਇੱਕ ਕਾਰਨ ਇਹ ਹੈ ਕਿ ਇਨ੍ਹਾਂ ਨਾਲ ਜੁੜੇ ਦੇਸ਼ ਇੱਕ ਵੱਡਾ ਲਾਭ ਹਾਸਲ ਕਰਨ ਲਈ ਇਨ੍ਹਾਂ ਇਲਾਕਿਆਂ 'ਤੇ ਆਪਣਾ ਦਾਅਵਾ ਛੱਡਣਾ ਬਿਹਤਰ ਸਮਝਦੇ ਹਨ।

ਬੀਰ ਤਵਿਲ

ਬੀਰ ਤਵਿਲ ਮਿਸਰ ਅਤੇ ਸੂਡਾਨ ਦੀ ਸਰਹੱਦ 'ਤੇ ਸਥਿਤ ਹੈ। ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਬ੍ਰਿਟਿਸ਼ਾਂ ਨੇ ਇਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਸਰਹੱਦ ਦੀਆਂ ਦੋ ਵੱਖ-ਵੱਖ ਰੇਖਾਵਾਂ ਖਿੱਚੀਆਂ ਸਨ। ਇਸ ਕਾਰਨ ਇਹ ਇਲਾਕਾ ਇੱਕ ਅਜੀਬ ਸਥਿਤੀ ਵਿੱਚ ਫਸ ਗਿਆ।

ਪਹਿਲੀ ਸਰਹੱਦੀ ਰੇਖਾ 1899 ਵਿੱਚ ਖਿੱਚੀ ਗਈ ਸੀ। ਇਹ ਬਿਲਕੁਲ ਸਿੱਧੀ ਸੀ। ਕੂਪਰ ਜੋਨਜ਼ ਮਜ਼ਾਕ ਵਿੱਚ ਕਹਿੰਦੇ ਹਨ, "ਅਸੀਂ ਸਿੱਧੀਆਂ ਰੇਖਾਵਾਂ ਖਿੱਚਣ ਵਿੱਚ ਬਹੁਤ ਮਾਹਰ ਸੀ।"

1902 ਵਿੱਚ ਬ੍ਰਿਟਿਸ਼ ਇੱਕ ਵੱਖਰੀ ਪ੍ਰਸ਼ਾਸਕੀ ਸਰਹੱਦ ਬਣਾਉਣਾ ਚਾਹੁੰਦੇ ਸਨ।

ਕੂਪਰ ਜੋਨਜ਼ ਦੱਸਦੇ ਹਨ, "ਉਸ ਮੌਕੇ ਉਨ੍ਹਾਂ ਨੇ ਕੁਝ ਵੱਧ ਰਚਨਾਤਮਕ ਤਰੀਕਾ ਅਪਣਾਇਆ। ਉਨ੍ਹਾਂ ਨੇ ਐੱਸ (S) ਦੇ ਆਕਾਰ ਵਾਲੀ ਇੱਕ ਵਕਰੀ ਰੇਖਾ ਖਿੱਚੀ। ਇਹ ਪਹਿਲੀ ਰੇਖਾ ਦੇ ਹੇਠਾਂ ਵੱਲ ਗਈ ਅਤੇ ਫਿਰ ਉੱਪਰ ਵੱਲ ਮੁੜ ਗਈ।"

ਨਤੀਜਾ ਇਹ ਨਿਕਲਿਆ ਕਿ ਦੋਵੇਂ ਦੇਸ਼ ਵੱਖ-ਵੱਖ ਸਰਹੱਦੀ ਰੇਖਾਵਾਂ ਨੂੰ ਮਾਨਤਾ ਦਿੰਦੇ ਹਨ।

ਇਨ੍ਹਾਂ ਦੇ ਵਿਚਕਾਰ ਹਲਾਇਬ ਤਿਕੋਣ ਸਥਿਤ ਹੈ। ਇਹ ਵਰਤੋਂਯੋਗ ਜ਼ਮੀਨ ਦਾ ਇੱਕ ਹਿੱਸਾ ਹੈ। ਪਹਿਲੀ ਸਰਹੱਦੀ ਰੇਖਾ ਮੁਤਾਬਕ ਇਹ ਮਿਸਰ ਦਾ ਹੈ। ਦੂਜੀ ਰੇਖਾ ਮੁਤਾਬਕ ਇਹ ਸੂਡਾਨ ਦਾ ਹਿੱਸਾ ਹੈ।

ਪਰ ਦੂਜੀ ਸਰਹੱਦ ਨੇ ਇੱਕ ਹੋਰ ਛੋਟਾ ਅਤੇ ਕਿਤੇ ਘੱਟ ਕੀਮਤੀ ਇਲਾਕਾ ਵੀ ਛੱਡ ਦਿੱਤਾ। ਇਸ ਦਾ ਨਾਂ ਬੀਰ ਤਵਿਲ ਹੈ।

ਇੱਥੇ ਇੱਕ ਪੇਚ ਹੈ। ਐੱਸ ਦੇ ਆਕਾਰ ਵਾਲੀ ਸਰਹੱਦ ਕਾਰਨ, ਜੇਕਰ ਕੋਈ ਵੀ ਦੇਸ਼ ਬੀਰ ਤਵਿਲ 'ਤੇ ਦਾਅਵਾ ਕਰਦਾ ਹੈ, ਤਾਂ ਉਸ ਨੂੰ ਹਲਾਇਬ ਤਿਕੋਣ 'ਤੇ ਆਪਣਾ ਦਾਅਵਾ ਛੱਡਣਾ ਪਵੇਗਾ।

ਦੋਵੇਂ ਦੇਸ਼ ਹਲਾਇਬ 'ਤੇ ਦਾਅਵਾ ਕਰਦੇ ਹਨ। ਦੋਵੇਂ ਬੀਰ ਤਵਿਲ 'ਤੇ ਦਾਅਵਾ ਕਰਨ ਤੋਂ ਇਨਕਾਰ ਕਰਦੇ ਹਨ। ਇਸ ਤਰ੍ਹਾਂ, ਅਸਲ ਵਿੱਚ ਬੀਰ ਤਵਿਲ ਟੈਰਾ ਨੁਲੀਅਸ ਬਣਿਆ ਹੋਇਆ ਹੈ।

ਪਰ ਜੇਕਰ ਕੋਈ ਇਸ 'ਤੇ ਦਾਅਵਾ ਕਰਨ ਦਾ ਫ਼ੈਸਲਾ ਕਰ ਲਵੇ ਤਾਂ ਕੀ ਹੋਵੇਗਾ? 2014 ਵਿੱਚ ਜੇਰੇਮਾਇਆ ਹੀਟਨ ਨਾਂ ਦਾ ਇੱਕ ਵਿਅਕਤੀ ਆਪਣੀ ਕਿਸਮਤ ਅਜ਼ਮਾਉਣ ਲਈ ਉੱਥੇ ਪਹੁੰਚਿਆ।

ਕੂਪਰ ਜੋਨਜ਼ ਦੱਸਦੇ ਹਨ, "ਉਹ ਇੱਕ ਅਮਰੀਕੀ ਸੀ, ਜੋ ਉੱਥੇ ਪਹੁੰਚਿਆ। ਉਸ ਨੇ ਰੇਗਿਸਤਾਨ ਵਿੱਚ ਆਪਣਾ ਝੰਡਾ ਗੱਡਿਆ। ਫਿਰ ਇੱਕ ਖ਼ਬਰਾਂ ਦੇ ਪ੍ਰੋਗਰਾਮ ਵਿੱਚ ਜਾ ਕੇ ਕਿਹਾ ਕਿ ਹੁਣ ਉਹ ਇੱਕ ਨਵੇਂ ਦੇਸ਼ ਦਾ ਮਾਲਕ ਹੈ।"

"ਉਸ ਨੇ ਇਹ ਇਲਾਕਾ ਆਪਣੇ ਕਬਜ਼ੇ ਵਿੱਚ ਲਿਆ ਹੈ ਤਾਂ ਜੋ ਉਸ ਦੀ ਧੀ ਸੱਚਮੁੱਚ ਦੀ ਰਾਜਕੁਮਾਰੀ ਬਣ ਸਕੇ। ਮੇਰਾ ਅੰਦਾਜ਼ਾ ਹੈ ਕਿ ਇਹ ਸੁਣ ਕੇ ਉਹ ਬਹੁਤ ਸ਼ਰਮਿੰਦਾ ਹੋਈ ਹੋਵੇਗੀ।"

ਉਹ ਅੱਗੇ ਕਹਿੰਦੇ ਹਨ, "ਮੈਨੂੰ ਨਹੀਂ ਲੱਗਦਾ ਕਿ ਜੇਰੇਮਾਇਆ ਨੂੰ ਆਪਣੇ ਨਵੇਂ ਦੇਸ਼ ਲਈ ਕੌਮਾਂਤਰੀ ਪੱਧਰ 'ਤੇ ਕੋਈ ਖ਼ਾਸ ਮਾਨਤਾ ਮਿਲੀ। ਪਰ ਕੁਝ ਹੋਰ ਲੋਕ ਵੀ ਹਨ, ਜਿਨ੍ਹਾਂ ਨੇ ਉਸ ਤੋਂ ਇੱਕ ਕਦਮ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਹੈ।"

ਗੋਰਨੀਆ ਸੀਗਾ

ਟੈਰਾ ਨੁਲੀਅਸ ਦਾ ਦੂਜਾ ਮਾਮਲਾ ਕ੍ਰੋਏਸ਼ੀਆ ਅਤੇ ਸਰਬੀਆ ਵਿਚਕਾਰ ਹੈ।

ਇਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਸਰਕਾਰੀ ਪ੍ਰਸ਼ਾਸਕੀ ਸਰਹੱਦ 1945 ਵਿੱਚ ਤੈਅ ਕੀਤੀ ਗਈ ਸੀ। ਇਹ ਦੂਜੇ ਵਿਸ਼ਵ ਯੁੱਧ ਦੇ ਅੰਤ ਵੇਲੇ, ਨਵੇਂ ਬਣ ਰਹੇ ਸਮਾਜਵਾਦੀ ਸੰਘੀ ਗਣਰਾਜ ਯੂਗੋਸਲਾਵੀਆ ਦੇ ਢਾਂਚੇ ਅਧੀਨ ਹੋਇਆ ਸੀ।

ਇਹ ਇੱਕ ਕੁਦਰਤੀ ਸਰਹੱਦ ਸੀ, ਡੈਨਿਊਬ ਦਰਿਆ। ਪਰ ਇਸ ਦੀ ਹੱਦ 19ਵੀਂ ਸਦੀ ਦੇ ਪੁਰਾਣੇ ਆਸਟ੍ਰੋ-ਹੰਗਰੀ ਸਾਮਰਾਜ ਦੇ ਜ਼ਮੀਨੀ ਰਿਕਾਰਡਾਂ ਵਾਲੇ ਨਕਸ਼ਿਆਂ ਮੁਤਾਬਕ ਤੈਅ ਕੀਤੀ ਗਈ ਸੀ। ਇਨ੍ਹਾਂ ਨਕਸ਼ਿਆਂ ਨੂੰ ਅਪਡੇਟ ਨਹੀਂ ਕੀਤਾ ਗਿਆ ਸੀ। ਇਨ੍ਹਾਂ ਵਿੱਚ ਦਰਿਆ ਦੇ ਪੁਰਾਣੇ ਵਿੰਗ-ਵਲੇਵੇਂ ਵਾਲੇ ਰਸਤੇ ਨੂੰ ਦਰਸਾਇਆ ਗਿਆ ਸੀ।

ਪਰ ਦਰਿਆਵਾਂ ਦਾ ਰੁਖ਼ ਬਦਲਦਾ ਰਹਿੰਦਾ ਹੈ, ਜਿਵੇਂ ਹੇਰਾਕਲਾਈਟਸ ਨੇ ਵੀ ਕਿਹਾ ਸੀ। ਇਸ ਮਾਮਲੇ ਵਿੱਚ ਇਹ ਤਬਦੀਲੀ ਹੋਰ ਵੀ ਵੱਡੀ ਸੀ।

19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਦਰਿਆ ਨੂੰ ਸਿੱਧਾ ਕਰਨ ਅਤੇ ਜਲ ਆਵਾਜਾਈ ਸੁਖਾਲੀ ਬਣਾਉਣ ਲਈ ਵੱਡੇ ਇੰਜੀਨੀਅਰਿੰਗ ਪ੍ਰੋਜੈਕਟ ਚਲਾਏ ਗਏ ਸਨ।

ਕੂਪਰ ਜੋਨਜ਼ ਕਹਿੰਦੇ ਹਨ, "ਇਸ ਨਾਲ ਕ੍ਰੋਏਸ਼ੀਆ ਦਾ ਕਾਫ਼ੀ ਇਲਾਕਾ ਘਟ ਜਾਂਦਾ, ਜਦਕਿ ਸਰਬੀਆ ਨੂੰ ਇਹ ਇਲਾਕਾ ਮਿਲ ਜਾਂਦਾ।"

"ਕ੍ਰੋਏਸ਼ੀਆ ਦਾ ਕਹਿਣਾ ਹੈ ਕਿ ਸਰਹੱਦ ਦਰਿਆ ਦਾ ਪੁਰਾਣਾ ਵਿੰਗ-ਵਲੇਵਾਂ ਵਾਲਾ ਰਸਤਾ ਹੈ, ਜਿੱਥੇ ਹੁਣ ਪਾਣੀ ਨਹੀਂ ਵਗਦਾ। ਸਰਬੀਆ ਦਾ ਕਹਿਣਾ ਹੈ ਕਿ ਸਰਹੱਦ ਉੱਥੇ ਹੈ, ਜਿੱਥੇ ਹੁਣ ਦਰਿਆ ਵਗਦਾ ਹੈ।"

ਦਰਿਆ ਨੂੰ ਸਿੱਧਾ ਕਰਨ ਕਾਰਨ ਕ੍ਰੋਏਸ਼ੀਆ ਕੋਲ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਰਹਿ ਗਿਆ। ਇਸ ਦਾ ਨਾਂ ਗੋਰਨਿਆ ਸੀਗਾ ਹੈ।

ਪਰ ਬੀਰ ਤਵਿਲ ਵਾਂਗ, ਇਸ ਇਲਾਕੇ ਨੂੰ ਆਪਣਾ ਮੰਨਣ ਦਾ ਮਤਲਬ ਇਹ ਸਵੀਕਾਰ ਕਰਨਾ ਹੋਵੇਗਾ ਕਿ ਸਰਹੱਦ ਡੈਨਿਊਬ ਦਰਿਆ ਦੇ ਨਵੇਂ ਰਸਤੇ ਮੁਤਾਬਕ ਹੈ। ਇਸ ਨਾਲ ਸਰਬੀਆ ਵਾਲੇ ਪਾਸੇ ਚਲੇ ਗਏ ਸਾਰੇ ਇਲਾਕਿਆਂ 'ਤੇ ਆਪਣਾ ਦਾਅਵਾ ਛੱਡਣਾ ਪਵੇਗਾ।

ਨਤੀਜਾ ਇਹ ਹੈ ਕਿ ਦੋਵੇਂ ਦੇਸ਼ ਦਾਅਵਾ ਕਰਦੇ ਹਨ ਕਿ ਇਹ ਜ਼ਮੀਨ ਦੂਜੇ ਦੇਸ਼ ਦੀ ਹੈ। ਇਸ ਤਰ੍ਹਾਂ ਇਹ ਵੀ ਇੱਕ ਹੋਰ ਟੈਰਾ ਨੁਲੀਅਸ ਬਣ ਗਿਆ।

ਕੀ ਕਿਸੇ ਨੇ ਇਸ 'ਤੇ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਹੈ?

ਹਾਂ। ਚੈੱਕ ਸਿਆਸਤਦਾਨ ਵਿਟ ਯੇਦਲਿਚਕਾ ਨੇ 2015 ਵਿੱਚ ਇੱਥੇ ਲਿਬਰਲੈਂਡ ਦੀ ਸਥਾਪਨਾ ਕੀਤੀ ਸੀ। ਇਹ ਆਜ਼ਾਦ ਵਿਚਾਰਧਾਰਾ ਤੋਂ ਪ੍ਰੇਰਿਤ ਇੱਕ ਅਜਿਹਾ ਸੂਖਮ ਦੇਸ਼ ਹੈ, ਜਿਸ ਨੂੰ ਕੌਮਾਂਤਰੀ ਮਾਨਤਾ ਪ੍ਰਾਪਤ ਨਹੀਂ ਹੈ।

ਕੂਪਰ ਜੋਨਜ਼ ਕਹਿੰਦੇ ਹਨ, "ਉਨ੍ਹਾਂ ਨੇ ਆਪਣੇ ਆਪ ਨੂੰ 700 ਹੈਕਟੇਅਰ ਦੇ ਇਸ ਇਲਾਕੇ ਦਾ ਰਾਸ਼ਟਰਪਤੀ ਨਿਯੁਕਤ ਕਰ ਲਿਆ।"

"ਉਹ ਨਾਗਰਿਕਤਾ ਲਈ ਲਗਭਗ 10,000 ਅਮਰੀਕੀ ਡਾਲਰ ਵਸੂਲਦੇ ਹਨ ਅਤੇ ਉਨ੍ਹਾਂ ਦੇ ਇੱਕ ਹਜ਼ਾਰ ਤੋਂ ਵੱਧ ਨਾਗਰਿਕ ਹਨ। ਇਸ ਲਈ ਉਨ੍ਹਾਂ ਦਾ ਕੰਮ ਕਾਫ਼ੀ ਵਧੀਆ ਚੱਲ ਰਿਹਾ ਹੈ।"

ਉਹ ਅੱਗੇ ਕਹਿੰਦੇ ਹਨ, "ਹਾਲਾਂਕਿ, ਜਦੋਂ ਵੀ ਉਹ ਆਪਣੇ 'ਦੇਸ਼' ਵਿੱਚ ਪੈਰ ਰੱਖਣ ਦੀ ਕੋਸ਼ਿਸ਼ ਕਰਦੇ ਹਨ, ਕ੍ਰੋਏਸ਼ੀਆ ਦੀ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ। ਉਹ ਦੋ ਰਾਤਾਂ ਜੇਲ੍ਹ ਵਿੱਚ ਵੀ ਬਿਤਾ ਚੁੱਕੇ ਹਨ। ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਇਸ ਕਾਰੋਬਾਰ ਰਾਹੀਂ ਕਾਫ਼ੀ ਪੈਸਾ ਕਮਾ ਰਹੇ ਹਨ।"

ਲਿਬਰਲੈਂਡ ਅਜੇ ਵੀ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਕੌਮਾਂਤਰੀ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ। ਖ਼ਾਸ ਤੌਰ 'ਤੇ ਮੋਂਟੇਵੀਡੀਓ ਕਨਵੈਨਸ਼ਨ ਦੀਆਂ ਸ਼ਰਤਾਂ, ਜਿਨ੍ਹਾਂ ਮੁਤਾਬਕ ਕਿਸੇ ਖੇਤਰ ਨੂੰ ਅਸਲ ਦੇਸ਼ ਮੰਨਣ ਲਈ ਉੱਥੇ ਸਥਾਈ ਆਬਾਦੀ ਹੋਣੀ ਚਾਹੀਦੀ ਹੈ।

ਲਿਬਰਲੈਂਡ ਦੀ ਸਰਕਾਰ ਆਪਣੇ ਅਧਿਕਾਰਤ ਮੰਚਾਂ 'ਤੇ ਮਾਣ ਨਾਲ ਦਾਅਵਾ ਕਰਦੀ ਹੈ ਕਿ ਅਗਸਤ 2023 ਵਿੱਚ ਇਹ ਇਲਾਕਾ ਆਬਾਦ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਉੱਥੇ ਬਸਤੀ ਵਸਾਉਣ ਦਾ ਕੰਮ ਚੱਲ ਰਿਹਾ ਹੈ।

ਪਰ ਕੌਮਾਂਤਰੀ ਮੀਡੀਆ ਦੇ ਕੈਮਰਿਆਂ ਵਿੱਚ ਇਸ ਦੀ ਬਿਲਕੁਲ ਵੱਖਰੀ ਤਸਵੀਰ ਦਿਖਾਈ ਦਿੰਦੀ ਹੈ।

ਗੋਰਨੀਆ ਸੀਗਾ ਯੂਰਪੀ ਸੰਘ ਦੀ ਬਾਹਰੀ ਸਰਹੱਦ ਨਾਲ ਲੱਗਦਾ ਹੈ। ਇਸ ਲਈ ਕ੍ਰੋਏਸ਼ੀਆ ਦੀ ਸਰਹੱਦੀ ਪੁਲਿਸ ਜ਼ਮੀਨੀ ਅਤੇ ਜਲ ਮਾਰਗਾਂ ਰਾਹੀਂ ਇੱਥੇ ਆਉਣ-ਜਾਣ 'ਤੇ ਸਖ਼ਤ ਨਿਗਰਾਨੀ ਰੱਖਦੀ ਹੈ।

ਆਜ਼ਾਦ ਵਿਚਾਰਧਾਰਾ ਵਾਲੇ ਲੋਕਾਂ ਵੱਲੋਂ ਸਥਾਈ ਢਾਂਚੇ ਬਣਾਉਣ ਦੀ ਹਰ ਕੋਸ਼ਿਸ਼ ਦਾ ਅੰਤ ਕ੍ਰੋਏਸ਼ੀਆ ਦੀ ਪੁਲਿਸ ਵੱਲੋਂ ਉਨ੍ਹਾਂ ਦੇ ਅਸਥਾਈ ਕੈਂਪ ਢਾਹੁਣ ਨਾਲ ਹੁੰਦਾ ਹੈ।

ਆਖ਼ਰਕਾਰ, ਲਿਬਰਲੈਂਡ ਇੱਕ ਖ਼ੁਸ਼ਹਾਲ ਡਿਜੀਟਲ ਦੇਸ਼ ਹੈ, ਜੋ ਆਪਣੇ ਨਾਗਰਿਕਾਂ ਦੇ ਮਨਾਂ ਵਿੱਚ ਵੱਸਦਾ ਹੈ। ਪਰ ਅਸਲ ਦੁਨੀਆ ਵਿੱਚ ਇਹ ਅਜੇ ਵੀ ਟੈਰਾ ਨੁਲੀਅਸ ਹੀ ਹੈ।

ਇਸ ਲਈ, ਧਰਤੀ ਦੀ ਸਤ੍ਹਾ ਦਾ ਲਗਭਗ 43 ਫੀਸਦ ਹਿੱਸਾ ਕਿਸੇ ਦਾ ਨਹੀਂ ਹੈ, ਪਰ ਇਸ ਵਿੱਚੋਂ ਲਗਭਗ ਸਾਰਾ ਹਿੱਸਾ ਪਾਣੀ ਹੈ। ਬਿਨਾਂ ਕਿਸੇ ਮਾਲਕੀ ਵਾਲੀ ਜ਼ਮੀਨ, ਅੰਟਾਰਕਟਿਕਾ ਦੇ ਉਸ ਵਿਸ਼ਾਲ ਇਲਾਕੇ ਸਮੇਤ, ਧਰਤੀ ਦੀ ਕੁੱਲ ਸਤ੍ਹਾ ਦੇ ਇੱਕ ਫੀਸਦ ਦੇ ਤੀਜੇ ਹਿੱਸੇ ਤੋਂ ਵੀ ਘੱਟ ਹੈ।

ਇਹ ਲੇਖ ਬੀਬੀਸੀ ਦੀ ਲੜੀ "ਮੋਰ ਔਰ ਲੈੱਸ" ਦੇ ਇੱਕ ਐਪੀਸੋਡ 'ਤੇ ਆਧਾਰਿਤ ਹੈ।

ਨਕਸ਼ੇ: ਬੀਬੀਸੀ ਮੁੰਡੋ ਦੀ ਵਿਜ਼ੂਅਲ ਪੱਤਰਕਾਰੀ ਟੀਮ ਦੇ ਡੈਨੀਅਲ ਆਰਸੇ-ਲੋਪੇਜ਼

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)