ਅਰਜੁਨ ਰਾਜਪੂਤ: ਜਲੰਧਰ 'ਚ ਛੋਲੇ-ਕੁਲਚੇ ਦੀ ਰੇਹੜੀ ਤੋਂ ਭਾਰਤ ਅੰਡਰ-19 ਟੀਮ ਤੱਕ ਪਹੁੰਚਣ ਦੀ ਕਹਾਣੀ

ਤਸਵੀਰ ਸਰੋਤ, ACC
ਜਲੰਧਰ ਦੇ ਡੀਏਵੀ ਕਾਲਜ ਦੇ ਬਾਹਰ ਹੋਤੀ ਰਾਮ ਛੋਲੇ-ਕੁਲਚਿਆਂ ਦੀ ਰੇਹੜੀ ਲਗਾਉਂਦੇ ਸਨ।
ਉਨ੍ਹਾਂ ਨੂੰ ਕ੍ਰਿਕਟ ਨਾਲ ਬੇਹੱਦ ਪਿਆਰ ਸੀ। ਸਚਿਨ ਤੇਂਦੁਲਕਰ ਅਤੇ ਵੀਰੇਂਦਰ ਸਹਿਵਾਗ ਦੀ ਜੋੜੀ ਉਨ੍ਹਾਂ ਨੂੰ ਖ਼ਾਸ ਤੌਰ 'ਤੇ ਪਸੰਦ ਸੀ। ਪਰ ਆਪਣੀ ਆਰਥਿਕ ਹਾਲਤ ਕਾਰਨ ਕ੍ਰਿਕਟਰ ਬਣਨ ਦਾ ਸੁਪਨਾ ਦੇਖਣਾ ਵੀ ਉਨ੍ਹਾਂ ਲਈ ਆਸਾਨ ਨਹੀਂ ਸੀ।
ਸਥਾਨਕ ਮੀਡੀਆ ਵਿੱਚ ਛਪੀਆਂ ਰਿਪੋਰਟਾਂ ਮੁਤਾਬਕ, ਦਿਨ ਭਰ ਰੇਹੜੀ 'ਤੇ ਕੰਮ ਕਰਨ ਤੋਂ ਬਾਅਦ ਜਦੋਂ ਵੀ ਸਮਾਂ ਮਿਲਦਾ, ਉਹ ਗਲੀਆਂ-ਮੁਹੱਲਿਆਂ ਵਿੱਚ ਕ੍ਰਿਕਟ ਖੇਡ ਲੈਂਦੇ ਸਨ। ਉਨ੍ਹਾਂ ਦੀ ਪਹਿਲੀ ਚਿੰਤਾ ਖੇਡ ਨਹੀਂ, ਸਗੋਂ ਘਰ ਦਾ ਗੁਜ਼ਾਰਾ ਚਲਾਉਣਾ ਅਤੇ ਪਰਿਵਾਰ ਲਈ ਰੋਟੀ ਦਾ ਪ੍ਰਬੰਧ ਕਰਨਾ ਸੀ।
ਕਈ ਸਾਲਾਂ ਬਾਅਦ, ਉਹੀ ਹੋਤੀ ਰਾਮ ਦਾ ਪੁੱਤਰ ਅਰਜੁਨ ਰਾਜਪੂਤ ਭਾਰਤ ਅੰਡਰ-19 ਟੀਮ ਦੀ ਨੀਲੀ ਜਰਸੀ ਪਹਿਨ ਰਿਹਾ ਹੈ।
ਅਰਜੁਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਇਸ ਮੁਕਾਮ ਤੱਕ ਪਹੁੰਚਣ ਵਿੱਚ ਉਸਦੇ ਪਿਤਾ ਨੇ ਵੀ ਬਹੁਤ ਸਖ਼ਤ ਮਿਹਨਤ ਕੀਤੀ ਹੈ।
ਦਿਲਚਸਪ ਗੱਲ ਇਹ ਹੈ ਕਿ ਉਸੇ ਟੀਮ ਵਿੱਚ ਵੀਰੇਂਦਰ ਸਹਿਵਾਗ ਦਾ ਪੁੱਤਰ ਆਰਿਆਵੀਰ ਵੀ ਖੇਡ ਰਿਹਾ ਹੈ। ਪਰ ਅਰਜੁਨ ਦੀ ਕਹਾਣੀ ਸਿਰਫ਼ ਇੱਥੇ ਤੱਕ ਪਹੁੰਚਣ ਦੀ ਹੀ ਨਹੀਂ ਹੈ।

ਤਸਵੀਰ ਸਰੋਤ, Pradeep Sharma
14 ਨਵੰਬਰ ਨੂੰ ਭਾਰਤ ਅਤੇ ਪਾਕਿਸਤਾਨ ਅੰਡਰ-19 ਏਸ਼ੀਆ ਕੱਪ ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਸਨ। ਅਰਜੁਨ ਉਸ ਭਾਰਤੀ ਟੀਮ ਦਾ ਹਿੱਸਾ ਸਨ।
ਭਾਰਤ ਨੇ ਅੰਡਰ-19 ਏਸ਼ੀਆ ਕੱਪ ਦੇ ਫਾਇਨਲ ਵਿੱਚ ਪਾਕਿਸਤਾਨ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਅਲ ਅਮੀਰਾਤ ਵਿੱਚ ਸ਼ਨਿੱਚਰਵਾਰ ਨੂੰ ਖੇਡੇ ਗਏ ਖ਼ਿਤਾਬੀ ਮੁਕਾਬਲੇ ਵਿੱਚ ਪਾਕਿਸਤਾਨ ਨੇ 337 ਦੌੜਾਂ ਬਣਾਈਆਂ ਸਨ ਅਤੇ ਭਾਰਤ ਨੇ 339 ਦੌੜਾਂ ਬਣਾ ਕੇ ਜਿੱਤ ਦਰਜ ਕਰ ਲਈ। ਇਸ ਮੈਚ ਵਿੱਚ ਅਰਜੁਨ ਰਾਜਪੂਤ ਨੇ 16 ਦੌੜਾਂ ਬਣਾਈਆਂ।
ਇਸ ਫਾਈਨਲ ਤੋਂ ਛੇ ਦਿਨ ਪਹਿਲਾਂ ਵੀ ਅਰਜੁਨ ਪਾਕਿਸਤਾਨ ਦੇ ਖ਼ਿਲਾਫ਼ ਮੈਦਾਨ ਵਿੱਚ ਉਤਰੇ ਸਨ।
ਉਸ ਵੇਲੇ ਭਾਰਤ ਦੇ ਤਿੰਨ ਵਿਕਟ ਸਿਰਫ਼ 22 ਦੌੜਾਂ 'ਤੇ ਹੀ ਡਿੱਗ ਚੁੱਕੇ ਸਨ। ਅਰਜੁਨ ਬੱਲੇਬਾਜ਼ੀ ਲਈ ਮੈਦਾਨ ਵਿੱਚ ਆਏ ਅਤੇ 85 ਗੇਂਦਾਂ 'ਤੇ 107 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਦੀ ਪਾਰੀ ਵਿੱਚ 11 ਚੌਕੇ ਅਤੇ ਪੰਜ ਛੱਕੇ ਸ਼ਾਮਲ ਸਨ।
ਭਾਰਤ ਉਹ ਮੈਚ ਤਿੰਨ ਵਿਕਟਾਂ ਨਾਲ ਹਾਰ ਗਿਆ ਸੀ, ਪਰ ਅਰਜੁਨ ਦੇ ਜਵਾਬੀ ਹਮਲੇ ਵਾਲੇ ਸੈਂਕੜੇ ਨੇ ਟੀਮ ਨੂੰ ਅਜਿਹੇ ਸਕੋਰ ਤੱਕ ਪਹੁੰਚਾ ਦਿੱਤਾ ਸੀ, ਜਿੱਥੋਂ ਉਸ ਦੇ ਗੇਂਦਬਾਜ਼ ਮੁਕਾਬਲਾ ਕਰ ਸਕਦੇ ਸਨ।
ਉਸ ਪਾਰੀ ਦੀ ਅਹਿਮੀਅਤ ਨੂੰ ਸਮਝਣ ਲਈ ਜਲੰਧਰ ਦੀ ਉਸੇ ਕ੍ਰਿਕਟ ਅਕੈਡਮੀ ਵੱਲ ਮੁੜਨਾ ਪਵੇਗਾ, ਜਿੱਥੇ ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਅਰਜੁਨ ਨੇ ਅਚਾਨਕ ਆਉਣਾ ਬੰਦ ਕਰ ਦਿੱਤਾ ਸੀ।
ਜਦੋਂ ਅਰਜੁਨ ਨੇ ਅਕੈਡਮੀ ਆਉਣਾ ਬੰਦ ਕਰ ਦਿੱਤਾ

ਤਸਵੀਰ ਸਰੋਤ, Arjun Rajput/Instagram
ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ, 2015 ਵਿੱਚ ਹੋਤੀ ਰਾਮ ਆਪਣੇ ਅੱਠ ਸਾਲਾ ਪੁੱਤਰ ਅਰਜੁਨ ਨੂੰ ਕ੍ਰਿਕਟ ਦੀ ਟ੍ਰੇਨਿੰਗ ਦਿਵਾਉਣ ਲਈ ਜਲੰਧਰ ਦੇ ਹਰਭਜਨ ਸਿੰਘ ਇੰਸਟੀਚਿਊਟ ਆਫ ਕ੍ਰਿਕਟ ਲੈ ਕੇ ਪਹੁੰਚੇ।
ਇੱਥੇ ਅਰਜੁਨ ਨੇ ਕੋਚ ਵਿਕਰਮ ਸਿੱਧੂ ਦੀ ਦੇਖ-ਰੇਖ ਹੇਠ ਕ੍ਰਿਕਟ ਸਿੱਖਣੀ ਸ਼ੁਰੂ ਕੀਤੀ।
ਅਰਜੁਨ ਦਾ ਵੱਡਾ ਭਰਾ ਕਰਨ ਪਹਿਲਾਂ ਹੀ ਕ੍ਰਿਕਟ ਖੇਡਦਾ ਸੀ। ਉਹ ਜਲੰਧਰ ਲਈ ਇੰਟਰ-ਡਿਸਟ੍ਰਿਕਟ ਉਮਰ ਵਰਗ ਦੇ ਟੂਰਨਾਮੈਂਟਾਂ ਵਿੱਚ ਹਿੱਸਾ ਲੈਂਦਾ ਸੀ। ਉਸ ਨੂੰ ਵੇਖ ਕੇ ਅਰਜੁਨ ਦੀ ਵੀ ਕ੍ਰਿਕਟ ਵਿੱਚ ਦਿਲਚਸਪੀ ਵਧ ਗਈ।
ਅਕੈਡਮੀ ਵਿੱਚ ਕੋਚ ਵਿਕਰਮ ਸਿੱਧੂ ਨੇ ਜਲਦੀ ਹੀ ਅਰਜੁਨ ਦੀ ਇੱਕ ਖ਼ਾਸ ਖੂਬੀ ਪਛਾਣ ਲਈ।
ਸਿੱਧੂ ਦੇ ਅਨੁਸਾਰ, ਛੋਟੇ ਬੱਚਿਆਂ ਨੂੰ ਕ੍ਰਿਕਟ ਦੀਆਂ ਬੁਨਿਆਦੀ ਗੱਲਾਂ ਸਮਝਾਉਂਦੇ ਸਮੇਂ ਇੱਕੋ ਗੱਲ ਕਈ ਵਾਰ ਦੁਹਰਾਉਣੀ ਪੈਂਦੀ ਹੈ। ਪਰ ਅਰਜੁਨ ਨੂੰ ਜੋ ਗੱਲ ਇੱਕ ਵਾਰ ਦੱਸੀ ਜਾਂਦੀ ਸੀ, ਉਹ ਉਸ ਨੂੰ ਤੁਰੰਤ ਸਮਝ ਲੈਂਦਾ ਸੀ।
ਉਹ ਕਦੇ ਵੀ ਟ੍ਰੇਨਿੰਗ ਸੈਸ਼ਨ ਨਹੀਂ ਛੱਡਦੇ ਸਨ। ਫਿਰ ਅਚਾਨਕ ਉਨ੍ਹਾਂ ਨੇ ਅਕੈਡਮੀ ਆਉਣਾ ਬੰਦ ਕਰ ਦਿੱਤਾ।
ਅਕੈਡਮੀ ਦੇ ਇੱਕ ਹੋਰ ਕੋਚ ਨੂੰ ਲੱਗਾ ਕਿ ਸ਼ਾਇਦ ਅਰਜੁਨ ਦਾ ਪਰਿਵਾਰ ਫੀਸ ਦਾ ਪ੍ਰਬੰਧ ਨਹੀਂ ਕਰ ਸਕਦਾ। ਜਦੋਂ ਵਿਕਰਮ ਸਿੱਧੂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਫੈਸਲਾ ਕੀਤਾ ਕਿ ਹੁਣ ਅਰਜੁਨ ਤੋਂ ਟ੍ਰੇਨਿੰਗ ਦੀ ਕੋਈ ਫੀਸ ਨਹੀਂ ਲਈ ਜਾਵੇਗੀ।
ਪਰ ਮੁਸ਼ਕਲ ਸਿਰਫ਼ ਕ੍ਰਿਕਟ ਦੀ ਫੀਸ ਤੱਕ ਸੀਮਿਤ ਨਹੀਂ ਸੀ। ਪਰਿਵਾਰ ਲਈ ਅਰਜੁਨ ਦੀ ਸਕੂਲ ਫੀਸ ਭਰਨਾ ਵੀ ਆਸਾਨ ਨਹੀਂ ਸੀ।
ਸਿੱਧੂ ਦੀ ਅਕੈਡਮੀ ਦਾ ਇੱਕ ਸਕੂਲ ਨਾਲ ਸਮਝੌਤਾ ਸੀ। ਉਨ੍ਹਾਂ ਨੇ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਅਤੇ ਅਰਜੁਨ ਦੀ ਪੂਰੀ ਫੀਸ ਮਾਫ਼ ਕਰਨ ਦੀ ਬੇਨਤੀ ਕੀਤੀ।
ਸਿੱਧੂ ਨੇ ਪ੍ਰਿੰਸੀਪਲ ਨੂੰ ਕਿਹਾ ਕਿ ਉਹ ਉਸ ਨੂੰ ਅਜਿਹਾ ਖਿਡਾਰੀ ਦੇ ਰਹੇ ਹਨ ਜੋ ਇੱਕ ਦਿਨ ਭਾਰਤ ਲਈ ਖੇਡੇਗਾ। ਬਦਲੇ ਵਿੱਚ ਸਕੂਲ ਉਸ ਦੀ ਪੜ੍ਹਾਈ ਦਾ ਖ਼ਰਚ ਚੁੱਕੇ।
ਬਾਅਦ ਵਿੱਚ ਜਦੋਂ ਅਕੈਡਮੀ ਬੰਦ ਹੋ ਗਈ, ਉਦੋਂ ਵੀ ਸਿੱਧੂ ਅਰਜੁਨ ਦੇ ਨਾਲ ਡਟੇ ਰਹੇ। ਉਨ੍ਹਾਂ ਨੇ ਸਕੂਲ ਵਿੱਚ ਉਸ ਦਾ ਦਾਖਲਾ ਕਰਵਾਉਣ ਵਿੱਚ ਮਦਦ ਕੀਤੀ, ਤਾਂ ਜੋ ਉਸ ਦੀ ਪੜ੍ਹਾਈ ਅਤੇ ਕ੍ਰਿਕਟ ਦੋਵੇਂ ਜਾਰੀ ਰਹਿਣ।
ਪਰਿਵਾਰ ਨੇ ਕਦੇ ਮੁਸ਼ਕਲਾਂ ਦਾ ਅਹਿਸਾਸ ਨਹੀਂ ਹੋਣ ਦਿੱਤਾ

ਤਸਵੀਰ ਸਰੋਤ, ACC
ਹੋਤੀ ਰਾਮ ਲਈ ਘਰ ਦਾ ਖਰਚਾ ਚਲਾਉਣ ਦੇ ਨਾਲ-ਨਾਲ ਬੱਚਿਆਂ ਦੀ ਪੜ੍ਹਾਈ ਅਤੇ ਖੇਡਾਂ ਦਾ ਖਰਚਾ ਚੁੱਕਣਾ ਆਸਾਨ ਨਹੀਂ ਸੀ।
ਉਨ੍ਹਾਂ ਨੇ ਦਿ ਟ੍ਰਿਬਿਊਨ ਨੂੰ ਦੱਸਿਆ ਸੀ ਕਿ ਬੱਚਿਆਂ ਦੀ ਪੜ੍ਹਾਈ ਅਤੇ ਸਕੂਲ ਦੀ ਫੀਸ ਭਰਨ ਲਈ ਉਨ੍ਹਾਂ ਨੂੰ ਕਰਜ਼ਾ ਲੈਣਾ ਪਿਆ। ਉਸ ਸਮੇਂ ਵੀ ਉਨ੍ਹਾਂ ਨੂੰ ਘਰ ਦੇ ਹੋਰ ਖਰਚਿਆਂ ਦਾ ਪ੍ਰਬੰਧ ਕਰਨਾ ਪੈਂਦਾ ਸੀ।
ਜਦੋਂ ਹੋਤੀ ਰਾਮ ਨੇ ਅਖ਼ਬਾਰ ਨਾਲ ਗੱਲਬਾਤ ਕੀਤੀ, ਉਹ ਉਸ ਵੇਲੇ ਕੁਲਚਿਆਂ ਦੀ ਡਿਲਿਵਰੀ ਕਰਨ ਜਾ ਰਹੇ ਸਨ।
ਉਦੋਂ ਤੱਕ ਉਨ੍ਹਾਂ ਦੀ ਰੇਹੜੀ ਦੀ ਥਾਂ ਕੁਲਚੇ ਬਣਾਉਣ ਵਾਲੀ ਇੱਕ ਬੇਕਰੀ ਨੇ ਲੈ ਲਈ ਸੀ। ਕੁਝ ਲੋਕ ਉਨ੍ਹਾਂ ਨਾਲ ਕੰਮ ਕਰਨ ਲੱਗ ਪਏ ਸਨ, ਪਰ ਕੁਲਚੇ ਤਿਆਰ ਕਰਨ ਅਤੇ ਉਨ੍ਹਾਂ ਦੀ ਸਪਲਾਈ ਦਾ ਕੰਮ ਲਗਾਤਾਰ ਜਾਰੀ ਸੀ।
ਘਰ ਵਿੱਚ ਕੇਵਲ ਅਰਜੁਨ ਹੀ ਖਿਡਾਰੀ ਨਹੀਂ ਸੀ। ਉਸ ਦਾ ਵੱਡਾ ਭਰਾ ਕਰਨ ਕ੍ਰਿਕਟ ਖੇਡਦਾ ਸੀ ਅਤੇ ਵੱਡੀ ਭੈਣ ਕਿਰਣ ਟੈਨਿਸ ਖੇਡਦੀ ਸੀ।
ਹੋਤੀ ਰਾਮ ਨੇ ਕਦੇ ਵੀ ਆਪਣੇ ਬੱਚਿਆਂ ਨੂੰ ਖੇਡਣ ਤੋਂ ਨਹੀਂ ਰੋਕਿਆ। ਉਨ੍ਹਾਂ ਦਾ ਕਹਿਣਾ ਸੀ, "ਮੈਂ ਨਹੀਂ ਖੇਡ ਸਕਿਆ, ਮੇਰੇ ਬੱਚੇ ਖੇਡ ਲੈਣ।"
ਪਰ ਸਮੇਂ ਦੇ ਨਾਲ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੱਧਣ ਲੱਗੀਆਂ।
ਚਾਰ ਸਾਲ ਪਹਿਲਾਂ ਕਰਨ ਨੇ ਕ੍ਰਿਕਟ ਛੱਡ ਦਿੱਤੀ ਅਤੇ ਬਿਮਾਰ ਪਿਤਾ ਦੇ ਕੰਮ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਅਰਜੁਨ ਪੰਜਾਬ ਅੰਡਰ-16 ਟੀਮ ਲਈ ਖੇਡ ਰਹੇ ਸਨ।
ਕਰਨ ਦੇ ਮੁਤਾਬਕ, ਅਰਜੁਨ ਦੇ ਕੋਚ ਲਗਾਤਾਰ ਕਹਿੰਦੇ ਸਨ ਕਿ ਉਸ ਵਿੱਚ ਬੇਹੱਦ ਸਮਰੱਥਾ ਹੈ। ਜਦੋਂ ਅਰਜੁਨ ਨੇ ਲਗਾਤਾਰ ਪੰਜ ਸੈਂਕੜੇ ਲਗਾਏ, ਤਾਂ ਕਰਨ ਨੂੰ ਵੀ ਯਕੀਨ ਹੋ ਗਿਆ ਕਿ ਉਸ ਦਾ ਛੋਟਾ ਭਰਾ ਇੱਕ ਦਿਨ ਦੇਸ਼ ਲਈ ਖੇਡ ਸਕਦਾ ਹੈ।
ਇੱਕ ਭਰਾ ਨੇ ਪਿਤਾ ਦਾ ਕੰਮ ਸੰਭਾਲ ਲਿਆ, ਤਾਂ ਜੋ ਦੂਜੇ ਭਰਾ ਦਾ ਕ੍ਰਿਕਟ ਕਰੀਅਰ ਜਾਰੀ ਰਹਿ ਸਕੇ।
ਅਰਜੁਨ ਨੇ ਵੀ ਦਿ ਟ੍ਰਿਬਿਊਨ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਪਰਿਵਾਰ ਨੇ ਕਦੇ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ ਦਾ ਅਹਿਸਾਸ ਨਹੀਂ ਹੋਣ ਦਿੱਤਾ। ਇਸ ਦੇ ਬਾਵਜੂਦ ਉਹ ਸਮਝਦੇ ਸਨ ਕਿ ਉਨ੍ਹਾਂ ਦੀ ਟ੍ਰੇਨਿੰਗ ਜਾਰੀ ਰੱਖਣ ਲਈ ਘਰ ਵਿੱਚ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਜਾ ਰਹੀਆਂ ਹਨ।
ਪਰਿਵਾਰ ਉਨ੍ਹਾਂ ਤੋਂ ਸਿਰਫ਼ ਇਹੀ ਚਾਹੁੰਦਾ ਸੀ ਕਿ ਉਹ ਕ੍ਰਿਕਟ 'ਤੇ ਧਿਆਨ ਦੇਣ ਅਤੇ ਆਪਣਾ ਸਰਵਉੱਚ ਪ੍ਰਦਰਸ਼ਨ ਕਰਨ।
ਵੀਜ਼ਾ ਦੀ ਇੱਕ ਗਲਤੀ ਅਤੇ ਹੱਥੋਂ ਨਿਕਲਿਆ ਵਿਦੇਸ਼ ਦੌਰਾ
ਅਰਜੁਨ ਦੇ ਸ਼ੁਰੂਆਤੀ ਸਫ਼ਰ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਨੂੰ ਟੀਮ ਨਾਲ ਦੁਬਈ ਜਾਣਾ ਸੀ।
ਕੋਚ ਵਿਕਰਮ ਸਿੱਧੂ ਦੇ ਅਨੁਸਾਰ, ਅਰਜੁਨ ਇਸ ਦੌਰੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ ਅਤੇ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ। ਪਰ ਵੀਜ਼ਾ ਵਿੱਚ ਨਾਮ ਦੇ ਸਪੈਲਿੰਗ ਗਲਤ ਹੋਣ ਕਾਰਨ ਉਹ ਟੀਮ ਨਾਲ ਨਹੀਂ ਜਾ ਸਕੇ।
ਇਸ ਕਾਰਨ ਅਰਜੁਨ ਕਾਫ਼ੀ ਨਿਰਾਸ਼ ਹੋਏ।
ਸਿੱਧੂ ਨੇ ਉਨ੍ਹਾਂ ਨੂੰ ਸਮਝਾਇਆ ਕਿ ਅੱਗੇ ਹੋਰ ਵੀ ਮੌਕੇ ਮਿਲਣਗੇ। ਕੁਝ ਮਹੀਨਿਆਂ ਬਾਅਦ ਟੀਮ ਦੱਖਣੀ ਅਫਰੀਕਾ ਦੇ ਦੌਰੇ 'ਤੇ ਗਈ।
ਸਿੱਧੂ ਦੇ ਮੁਤਾਬਕ, ਉੱਥੋਂ ਦੀਆਂ ਵਿਕਟਾਂ 'ਤੇ ਹੋਰ ਬੱਲੇਬਾਜ਼ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਸਨ, ਪਰ ਅਰਜੁਨ ਨੇ ਆਪਣੀ ਟੀਮ ਨੂੰ ਮੈਚ ਜਿਤਾਏ ਅਤੇ 'ਪਲੇਅਰ ਆਫ ਦ ਟੂਰਨਾਮੈਂਟ' ਦਾ ਖਿਤਾਬ ਆਪਣੇ ਨਾਮ ਕੀਤਾ।
ਪੰਜਾਬ ਨੂੰ ਅੰਡਰ-16 ਚੈਂਪੀਅਨ ਬਣਾਇਆ

ਤਸਵੀਰ ਸਰੋਤ, Arjun Rajput/Instagram
ਅਰਜੁਨ ਦੇ ਘਰੇਲੂ ਕ੍ਰਿਕਟ ਕਰੀਅਰ ਦਾ ਇੱਕ ਅਹਿਮ ਮੋੜ ਜਨਵਰੀ 2023 ਵਿੱਚ ਆਇਆ।
ਉਹ ਪੰਜਾਬ ਅੰਡਰ-16 ਟੀਮ ਦੇ ਕਪਤਾਨ ਸਨ। ਵਿਜੇ ਮਰਚੈਂਟ ਟਰਾਫੀ ਦੇ ਫਾਈਨਲ ਵਿੱਚ ਪੰਜਾਬ ਨੇ ਮੱਧ ਪ੍ਰਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ।
ਅਰਜੁਨ ਨੇ ਪਹਿਲੀ ਪਾਰੀ ਵਿੱਚ 52 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ।
ਇਸ ਤੋਂ ਬਾਅਦ ਉਨ੍ਹਾਂ ਦਾ ਸਫ਼ਰ ਭਾਰਤ ਅੰਡਰ-19 ਟੀਮ ਤੱਕ ਪਹੁੰਚਿਆ।
11 ਜੂਨ 2026 ਨੂੰ ਬੀਸੀਸੀਆਈ ਨੇ ਸ਼੍ਰੀਲੰਕਾ ਦੌਰੇ ਲਈ ਭਾਰਤ ਅੰਡਰ-19 ਦੀ ਇੱਕ ਰੋਜ਼ਾ ਟੀਮ ਦਾ ਐਲਾਨ ਕੀਤਾ, ਜਿਸ ਵਿੱਚ ਅਰਜੁਨ ਦਾ ਨਾਮ ਵੀ ਸ਼ਾਮਲ ਸੀ।
ਜੁਲਾਈ ਵਿੱਚ ਸ਼੍ਰੀਲੰਕਾ ਖ਼ਿਲਾਫ਼ ਦੂਜੇ ਯੂਥ ਵਨਡੇ ਮੈਚ ਦੌਰਾਨ ਭਾਰਤ ਨੇ 81 ਦੌੜਾਂ 'ਤੇ ਆਪਣੇ ਚਾਰ ਵਿਕਟ ਗੁਆ ਦਿੱਤੇ ਸਨ।
ਇਸ ਤੋਂ ਬਾਅਦ ਅਰਜੁਨ ਨੇ ਅਨਵੈ ਦ੍ਰਾਵਿੜ ਨਾਲ ਮਿਲ ਕੇ ਪੰਜਵੇਂ ਵਿਕਟ ਲਈ 145 ਦੌੜਾਂ ਦੀ ਸਾਂਝੇਦਾਰੀ ਕੀਤੀ। ਅਰਜੁਨ ਨੇ 81 ਗੇਂਦਾਂ 'ਤੇ 76 ਦੌੜਾਂ ਬਣਾਈਆਂ, ਜਿਸ ਵਿੱਚ ਨੌਂ ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ। ਅਨਵੈ ਨੇ 87 ਦੌੜਾਂ ਬਣਾਈਆਂ।
ਸ਼ੁਰੂ ਵਿੱਚ ਹੀ ਵਿਕਟਾਂ ਡਿੱਗ ਜਾਣ ਤੋਂ ਬਾਅਦ ਪਾਰੀ ਨੂੰ ਮੁੜ ਸੰਭਾਲਣ ਦਾ ਇਹ ਤਜਰਬਾ ਅੱਗੇ ਚੱਲ ਕੇ ਪਾਕਿਸਤਾਨ ਖ਼ਿਲਾਫ਼ ਵੀ ਉਨ੍ਹਾਂ ਦੇ ਕੰਮ ਆਇਆ।
ਅਗਸਤ ਵਿੱਚ ਆਸਟ੍ਰੇਲੀਆ ਅੰਡਰ-19 ਟੀਮ ਦੇ ਭਾਰਤ ਦੌਰੇ ਲਈ ਜਦੋਂ ਇੱਕ ਰੋਜ਼ਾ ਟੀਮ ਦੀ ਚੋਣ ਕੀਤੀ ਗਈ, ਤਾਂ ਅਰਜੁਨ ਨੂੰ ਉਸ ਵਿੱਚ ਵੀ ਜਗ੍ਹਾ ਮਿਲੀ।
695 ਦੌੜਾਂ ਅਤੇ 11 ਵਿਕਟਾਂ

ਤਸਵੀਰ ਸਰੋਤ, Pradeep Sharma
ਅੰਡਰ-19 ਏਸ਼ੀਆ ਕੱਪ ਤੋਂ ਠੀਕ ਪਹਿਲਾਂ ਅਰਜੁਨ ਨੇ ਘਰੇਲੂ ਕ੍ਰਿਕਟ ਵਿੱਚ ਬੱਲੇ ਅਤੇ ਗੇਂਦ, ਦੋਵਾਂ ਨਾਲ ਆਪਣੀ ਅਹਿਮ ਭੂਮਿਕਾ ਨਿਭਾਈ।
ਅਕਤੂਬਰ ਵਿੱਚ ਪੰਜਾਬ ਨੇ ਵੀਨੂ ਮਾਂਕੜ ਟਰਾਫੀ ਜਿੱਤੀ। ਫਾਈਨਲ ਵਿੱਚ ਉਸ ਨੇ ਮੁੰਬਈ ਨੂੰ ਸੱਤ ਵਿਕਟਾਂ ਨਾਲ ਹਰਾਇਆ।
ਅਰਜੁਨ ਟੂਰਨਾਮੈਂਟ ਦੇ ਪਲੇਅਰ ਆਫ਼ ਦ ਸੀਰੀਜ਼ ਰਹੇ। ਬੀਸੀਸੀਆਈ ਦੇ ਰਿਕਾਰਡ ਮੁਤਾਬਕ ਉਨ੍ਹਾਂ ਨੇ 695 ਦੌੜਾਂ ਬਣਾਈਆਂ ਅਤੇ 11 ਵਿਕਟਾਂ ਹਾਸਲ ਕੀਤੀਆਂ।
ਆਈਸੀਸੀ ਦੀ ਪ੍ਰੋਫਾਈਲ ਵਿੱਚ ਅਰਜੁਨ ਨੂੰ ਇੱਕ ਆਲਰਾਊਂਡਰ ਵਜੋਂ ਦਰਸਾਇਆ ਗਿਆ ਹੈ। ਉਹ ਖੱਬੇ ਹੱਥ ਦੇ ਬੱਲੇਬਾਜ਼ ਅਤੇ ਆਫ-ਬ੍ਰੇਕ ਗੇਂਦਬਾਜ਼ ਹਨ।
ਭਾਵ, ਉਨ੍ਹਾਂ ਦੀ ਭੂਮਿਕਾ ਸਿਰਫ਼ ਮਿਡਲ ਆਰਡਰ ਵਿੱਚ ਦੌੜਾਂ ਬਣਾਉਣ ਤੱਕ ਸੀਮਿਤ ਨਹੀਂ ਹੈ।
ਪਾਕਿਸਤਾਨ ਖ਼ਿਲਾਫ਼ ਪਾਰੀ ਵਿੱਚ ਕੀ ਨਜ਼ਰ ਆਇਆ?
ਅੱਠ ਨਵੰਬਰ ਨੂੰ ਪਾਕਿਸਤਾਨ ਖ਼ਿਲਾਫ਼ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਪਰ ਦੂਜੀ ਹੀ ਗੇਂਦ 'ਤੇ ਕਪਤਾਨ ਲਕਸ਼ਯ ਰਾਏਚੰਦਾਨੀ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਇਸ ਤੋਂ ਬਾਅਦ ਵੀਕੇ ਵਿਨੀਤ ਅਤੇ ਯਸ਼ਵਰਧਨ ਚੌਹਾਨ ਵੀ ਪਵੇਲਿਅਨ ਪਰਤ ਗਏ।
ਜਦੋਂ ਸਕੋਰ 22 ਦੌੜਾਂ 'ਤੇ ਤਿੰਨ ਵਿਕਟ ਸੀ, ਤਦ ਅਰਜੁਨ ਕ੍ਰੀਜ਼ 'ਤੇ ਆਏ।
ਦੂਜੇ ਸਿਰੇ 'ਤੇ ਆਰਿਆਵੀਰ ਸਹਿਵਾਗ ਮੌਜੂਦ ਸਨ। ਕੁਝ ਦੇਰ ਬਾਅਦ ਉਹ ਵੀ ਆਉਟ ਹੋ ਗਏ ਅਤੇ ਭਾਰਤ ਦਾ ਸਕੋਰ 42 ਦੌੜਾਂ 'ਤੇ ਚਾਰ ਵਿਕਟ ਹੋ ਗਿਆ।
ਇੱਥੋਂ ਅਰਜੁਨ ਨੇ ਅਨਵੈ ਦ੍ਰਾਵਿੜ ਨਾਲ 44 ਦੌੜਾਂ ਦੀ ਸਾਂਝੇਦਾਰੀ ਕੀਤੀ। ਅਨਵੈ ਦੇ ਆਉਟ ਹੋਣ ਤੋਂ ਬਾਅਦ ਉਨ੍ਹਾਂ ਨੇ ਮਨਲ ਚੌਹਾਨ ਨਾਲ 64 ਦੌੜਾਂ ਜੋੜੀਆਂ।
ਇੱਕ ਪਾਸੇ ਵਿਕਟਾਂ ਡਿੱਗਦੀਆਂ ਰਹੀਆਂ, ਪਰ ਅਰਜੁਨ ਨੇ ਆਪਣੀ ਬੱਲੇਬਾਜ਼ੀ ਨੂੰ ਸਿਰਫ਼ ਡਿਫੈਂਸ ਤੱਕ ਸੀਮਿਤ ਨਹੀਂ ਰੱਖਿਆ।
ਉਨ੍ਹਾਂ ਨੇ ਗੇਂਦਬਾਜ਼ਾਂ 'ਤੇ ਮੁੜ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਬਾਊਂਡਰੀਆਂ ਲੱਭੀਆਂ ਅਤੇ ਦੌੜਾਂ ਬਣਾਉਣ ਦੀ ਰਫ਼ਤਾਰ ਵਧਾਈ।
ਮੈਚ ਦੌਰਾਨ ਅਰਜੁਨ ਨੇ ਆਪਣਾ ਬੱਲਾ ਵੀ ਬਦਲਿਆ ਅਤੇ ਅਗਲੀ ਹੀ ਗੇਂਦ ਨੂੰ ਕਵਰਜ਼ ਰਾਹੀਂ ਬਾਊਂਡਰੀ ਲਈ ਭੇਜ ਦਿੱਤਾ।
ਇਸੇ ਪਾਰੀ ਦੌਰਾਨ ਉਨ੍ਹਾਂ ਨੇ ਬੈਕਫੁੱਟ 'ਤੇ ਖੜ੍ਹ ਕੇ ਇੱਕ ਸ਼ਾਨਦਾਰ ਛੱਕਾ ਵੀ ਜੜਿਆ।
ਇਹ ਸ਼ਾਟ ਦਰਸਾਉਂਦੇ ਹਨ ਕਿ ਦਬਾਅ ਦੇ ਬਾਵਜੂਦ ਅਰਜੁਨ ਸਿਰਫ਼ ਵਿਕਟ ਬਚਾਉਣ ਬਾਰੇ ਨਹੀਂ ਸੋਚ ਰਹੇ ਸਨ। ਉਹ ਜਵਾਬੀ ਹਮਲਾ ਕਰਕੇ ਭਾਰਤ ਨੂੰ ਮੁੜ ਮੈਚ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ।
ਉਨ੍ਹਾਂ ਨੇ 80 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ।
ਜਦੋਂ 36ਵੇਂ ਓਵਰ ਵਿੱਚ ਅਰਜੁਨ ਆਉਟ ਹੋਏ, ਉਸ ਵੇਲੇ ਭਾਰਤ ਦਾ ਸਕੋਰ 170 ਦੌੜਾਂ 'ਤੇ ਸੱਤ ਵਿਕਟ ਸੀ। ਇਨ੍ਹਾਂ ਵਿੱਚੋਂ 107 ਦੌੜਾਂ ਇਕੱਲੇ ਅਰਜੁਨ ਦੇ ਬੱਲੇ ਤੋਂ ਆਈਆਂ ਸਨ।
ਭਾਰਤ ਦੀ ਪੂਰੀ ਟੀਮ 208 ਦੌੜਾਂ 'ਤੇ ਆਲ ਆਊਟ ਹੋ ਗਈ।
ਪਾਕਿਸਤਾਨ ਨੇ ਟੀਚਾ ਹਾਸਲ ਕਰਕੇ ਮੈਚ ਤਿੰਨ ਵਿਕਟਾਂ ਨਾਲ ਜਿੱਤ ਲਿਆ। ਪਰ ਅਰਜੁਨ ਦੀ ਪਾਰੀ ਨੇ ਭਾਰਤ ਨੂੰ ਉਸ ਸਕੋਰ ਤੱਕ ਪਹੁੰਚਾ ਦਿੱਤਾ, ਜਿੱਥੋਂ ਉਸ ਦੇ ਗੇਂਦਬਾਜ਼ਾਂ ਕੋਲ ਮੁਕਾਬਲੇ ਵਿੱਚ ਬਣੇ ਰਹਿਣ ਦਾ ਮੌਕਾ ਸੀ।
ਹੁਣ ਫਿਰ ਸਾਹਮਣੇ ਹੈ ਪਾਕਿਸਤਾਨ
14 ਨਵੰਬਰ ਨੂੰ ਅੰਡਰ-19 ਏਸ਼ੀਆ ਕੱਪ ਦੇ ਫਾਈਨਲ ਵਿੱਚ ਭਾਰਤ ਦੇ ਸਾਹਮਣੇ ਇੱਕ ਵਾਰ ਫਿਰ ਪਾਕਿਸਤਾਨ ਦੀ ਟੀਮ ਹੈ।
ਛੇ ਦਿਨ ਪਹਿਲਾਂ ਪਾਕਿਸਤਾਨ ਖ਼ਿਲਾਫ਼ ਅਰਜੁਨ ਉਸ ਵੇਲੇ ਬੱਲੇਬਾਜ਼ੀ ਕਰਨ ਆਏ ਸਨ, ਜਦੋਂ ਭਾਰਤੀ ਪਾਰੀ ਡਗਮਗਾ ਚੁੱਕੀ ਸੀ। ਉਨ੍ਹਾਂ ਨੇ ਦਬਾਅ ਭਰੇ ਹਾਲਾਤਾਂ ਵਿੱਚ ਆਪਣਾ ਪਹਿਲਾ ਯੂਥ ਵਨਡੇ ਸੈਂਕੜਾ ਜੜਿਆ ਸੀ।
ਹੁਣ ਮੁਕਾਬਲਾ ਖ਼ਿਤਾਬ ਜਿੱਤਣ ਦਾ ਹੈ।
ਭਾਰਤੀ ਟੀਮ ਵਿੱਚ ਜਲੰਧਰ ਦਾ ਉਹ ਖੱਬੇ ਹੱਥ ਦਾ ਬੱਲੇਬਾਜ਼ ਵੀ ਹੈ, ਜਿਸਦੀ ਕ੍ਰਿਕਟ ਜਾਰੀ ਰੱਖਣ ਲਈ ਕਦੇ ਉਸਦੇ ਪਿਤਾ ਨੂੰ ਛੋਲੇ-ਕੁਲਚਿਆਂ ਦੀ ਕਮਾਈ ਵਿੱਚੋਂ ਖ਼ਰਚਾ ਕੱਢਣਾ ਪਿਆ ਸੀ, ਵੱਡੇ ਭਰਾ ਨੇ ਆਪਣਾ ਕ੍ਰਿਕਟ ਛੱਡ ਕੇ ਪਿਤਾ ਦਾ ਕੰਮ ਸੰਭਾਲਿਆ ਸੀ ਅਤੇ ਕੋਚ ਨੇ ਉਸ ਦੀ ਟ੍ਰੇਨਿੰਗ ਤੇ ਸਕੂਲ ਦੀ ਫੀਸ ਮਾਫ਼ ਕਰਵਾਉਣ ਦਾ ਰਸਤਾ ਲੱਭਿਆ ਸੀ।
ਅਰਜੁਨ ਦੇ ਪਿਤਾ ਦਾ ਸੁਪਨਾ ਹੁਣ ਸਿਰਫ਼ ਆਪਣੇ ਪੁੱਤਰ ਨੂੰ ਭਾਰਤ ਅੰਡਰ-19 ਦੀ ਜਰਸੀ ਵਿੱਚ ਦੇਖਣ ਤੱਕ ਸੀਮਿਤ ਨਹੀਂ ਰਿਹਾ।
ਹੋਤੀ ਰਾਮ ਨੇ ਦਿ ਇੰਡੀਅਨ ਐਕਸਪ੍ਰੈਸ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਨ੍ਹਾਂ ਦਾ ਸੁਪਨਾ ਉਸ ਦਿਨ ਪੂਰਾ ਹੋਵੇਗਾ, ਜਦੋਂ ਅਰਜੁਨ ਸੀਨੀਅਰ ਭਾਰਤੀ ਟੀਮ ਲਈ ਖੇਡੇਗਾ ਅਤੇ ਵਿਸ਼ਵ ਕੱਪ ਜਿੱਤ ਕੇ ਦੇਸ਼ ਲਈ ਘਰ ਲਿਆਏਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































