ਸੁਖਬੀਰ ਬਾਦਲ ਖਿਲਾਫ਼ ਕਦੇ ਬਗ਼ਾਵਤ ਦਾ ਝੰਡਾ ਚੁੱਕਣ ਵਾਲੇ ਪ੍ਰੇਮ ਸਿੰਘ ਚੰਦੂਮਾਜਰਾ ਤੇ ਜਗੀਰ ਕੌਰ ਦੀ ਹੁਣ ਅਕਾਲੀ ਦਲ 'ਚ ਵਾਪਸੀ ਕਿਉਂ ਨਜ਼ਰ ਆ ਰਹੀ ਹੈ

- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਕਦੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਪਹੁੰਚ ਕਰਨ ਵਾਲੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਹੁਣ ਮੁੜ ਉਸੇ ਅਕਾਲੀ ਦਲ ਬਾਦਲ ਵੱਲ ਮੁੜ ਰਹੇ ਹਨ।
ਇਹ ਦੋਵੇਂ ਉਹ ਟਕਸਾਲੀ ਅਕਾਲੀ ਲੀਡਰ ਹਨ ਜਿਨ੍ਹਾਂ ਨੇ ਦੋ ਸਾਲ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਦਰ ਅੰਦਰੂਨੀ ਬਗ਼ਾਵਤ ਦਾ ਸਾਥ ਦਿੱਤਾ ਅਤੇ ਅਕਾਲ ਤਖ਼ਤ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਢਾਂਚੇ ਨੂੰ ਬਦਲਣ ਦੀ ਅਪੀਲ ਕੀਤੀ ਤੇ ਅਕਾਲੀ ਦਲ ਦੀਆਂ ਪੁਰਾਣੀਆਂ ਕਥਿਤ ਗ਼ਲਤੀਆਂ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ 'ਤੇ ਲਿਖਤੀ ਮੁਆਫ਼ੀਨਾਮਾ ਸੌਂਪਿਆ ਸੀ।
ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੇ ਅਕਾਲੀ ਦਲ ਨੂੰ ਛੱਡ ਬੀਬੀ ਜਗੀਰ ਕੌਰ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਅਕਾਲੀ ਦਲ ਪੁਨਰ ਸੁਰਜੀਤ ਦਾ ਹਿੱਸਾ ਬਣੇ ਸਨ।
ਪਰ ਹੁਣ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਚਾਰ ਕੁ ਮਹੀਨੇ ਪਹਿਲਾਂ ਪ੍ਰੇਮ ਸਿੰਘ ਚੰਦੂਮਾਜਰਾ 7 ਨਵੰਬਰ 2026 ਨੂੰ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਸ਼ਾਮਲ ਹੋ ਚੁੱਕੇ ਹਨ। ਦੂਜੇ ਪਾਸੇ ਬੀਬੀ ਜਗੀਰ ਕੌਰ ਦੀ ਵੀ 13 ਨਵੰਬਰ ਨੂੰ ਬਾਦਲ ਦਲ ਵਿੱਚ ਵਾਪਸੀ ਤੈਅ ਦੱਸੀ ਜਾ ਰਹੀ ਹੈ।
ਇਨ੍ਹਾਂ ਦੋਵਾਂ ਲੀਡਰਾਂ ਦੀ ਅਕਾਲੀ ਦਲ ਵਿੱਚ ਵਾਪਸੀ ਕਈ ਅਹਿਮ ਸਵਾਲ ਖੜ੍ਹੇ ਕਰ ਰਹੀ ਹੈ।
ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੇਮ ਸਿੰਘ ਚੰਦੂਮਾਜਰਾ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ, "ਇਨ੍ਹਾਂ ਆਗੂਆਂ ਨੇ ਪਹਿਲਾਂ ਨਾਲ ਖੜ੍ਹਨ ਦੇ ਵਾਅਦੇ ਕੀਤੇ ਸਨ ਪਰ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਧੋਖਾ ਦੇ ਕੇ ਜਾਣਗੇ। ਚੰਦੂਮਾਜਰਾ ਦੇ ਜਾਣ ਤੋਂ ਬਾਅਦ ਹੁਣ ਉਹ ਆਪਣੀ ਪਾਰਟੀ ਨੂੰ ਇਮਾਨਦਾਰ ਕਹਿ ਸਕਦੇ ਹਨ।"
ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਵੱਲੋਂ ਪਹਿਲਾਂ ਸੁਖਬੀਰ ਬਾਦਲ ਦਾ ਵਿਰੋਧ ਕਰਨ ਅਤੇ ਹੁਣ ਉਨ੍ਹਾਂ ਦੀ ਅਗਵਾਈ ਵਾਲੇ ਅਕਾਲੀ ਦਲ 'ਚ ਵਾਪਸੀ ਕਰਨ ਦੇ ਕੀ ਸਿਆਸੀ ਮਾਅਨੇ ਹਨ ਇਸ ਬਾਰੇ ਅਸੀਂ ਵੱਖ-ਵੱਖ ਰਾਜਨੀਤਕ ਮਾਹਰਾਂ ਨਾਲ ਗੱਲ ਕੀਤੀ।
ਪਰ ਪਹਿਲਾਂ ਉਨ੍ਹਾਂ ਘਟਨਾਵਾਂ 'ਤੇ ਨਜ਼ਰ ਮਾਰਨੀ ਜ਼ਰੂਰੀ ਹੈ ਜਿਸ 'ਚ ਬੀਬੀ ਜਗੀਰ ਕੌਰ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਅਕਾਲੀ ਦਲ ਬਾਦਲ 'ਤੇ ਸਵਾਲ ਚੁੱਕੇ ਅਤੇ ਬਗ਼ਾਵਤ ਕੀਤੀ।
ਅਕਾਲੀ ਦਲ ਤੋਂ ਬਾਗ਼ੀ ਹੋ ਅਕਾਲ ਤਖ਼ਤ ਨੂੰ ਲਿਖੀ ਚਿੱਠੀ

ਤਸਵੀਰ ਸਰੋਤ, Ravinder Singh Robin/BBC
1 ਜੁਲਾਈ 2024 ਨੂੰ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਬਾਗੀ ਆਗੂਆਂ ਨੇ ਉਸ ਸਮੇਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇੱਕ ਮੁਆਫ਼ੀਨਾਮਾ (ਚਿੱਠੀ) ਸੌਂਪਿਆ ਸੀ।
ਇਸ ਚਿੱਠੀ ਰਾਹੀਂ ਉਨ੍ਹਾਂ ਨੇ 2007 ਤੋਂ 2017 ਦਰਮਿਆਨ ਅਕਾਲੀ ਸਰਕਾਰ ਵੇਲੇ ਹੋਈਆਂ ਚਾਰ ਵੱਡੀਆਂ ਗ਼ਲਤੀਆਂ ਲਈ ਪੰਥ ਤੋਂ ਖਿਮਾ ਯਾਚਨਾ ਕੀਤੀ ਸੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕੇ ਸਨ।
ਇਸ ਚਿੱਠੀ ਵਿੱਚ ਖ਼ਾਸ ਤੌਰ 'ਤੇ ਬਰਗਾੜੀ ਬੇਅਦਬੀ ਮਾਮਲੇ ਵਿੱਚ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਹੋਣ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਅਤੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਸਬੰਧਤ ਮਾਮਲੇ ਵਿੱਚ ਲਏ ਫ਼ੈਸਲਿਆਂ ਵਿੱਚ ਅਕਾਲੀ ਦਲ ਦੀ ਵਿਵਾਦਤ ਭੂਮਿਕਾ ਦਾ ਜ਼ਿਕਰ ਕੀਤਾ ਗਿਆ ਸੀ।
ਇਨ੍ਹਾਂ ਆਗੂਆਂ ਦਾ ਇਲਜ਼ਾਮ ਸੀ ਕਿ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਵੱਲੋਂ ਲਏ ਗਏ ਕੁਝ ਫ਼ੈਸਲੇ ਪੰਥਕ ਭਾਵਨਾਵਾਂ ਅਨੁਸਾਰ ਨਹੀਂ ਸਨ।
ਇਸ ਤੋਂ ਬਾਅਦ ਅਕਾਲ ਤਖ਼ਤ ਨੇ ਇਨ੍ਹਾਂ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਪੱਖ ਲਿਖਤੀ ਰੂਪ ਵਿੱਚ ਪੇਸ਼ ਕਰਨ ਲਈ ਕਿਹਾ ਸੀ।
ਅਕਾਲ ਤਖ਼ਤ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਬਾਗ਼ੀ ਆਗੂਆਂ ਵੱਲੋਂ ਲਗਾਏ ਇਲਜ਼ਾਮਾਂ ਬਾਰੇ ਸਪੱਸ਼ਟੀਕਰਨ ਦੇਣ ਲਈ ਵੀ ਬੁਲਾਇਆ ਗਿਆ ਸੀ।
ਜਿਸ ਮਗਰੋਂ 25 ਜੁਲਾਈ 2024 ਨੂੰ ਸੁਖਬੀਰ ਬਾਦਲ ਅਕਾਲ ਤਖ਼ਤ ਸਾਹਿਬ ਪਹੁੰਚੇ ਅਤੇ ਆਪਣਾ ਲਿਖਤੀ ਜਵਾਬ ਸੌਂਪਿਆ। ਉਨ੍ਹਾਂ ਨੇ ਪਾਰਟੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਗ਼ਲਤੀਆਂ ਲਈ ਬਿਨਾਂ ਸ਼ਰਤ ਮੁਆਫ਼ੀ ਮੰਗੀ ਸੀ।
ਸੁਖਬੀਰ ਬਾਦਲ ਸਮੇਤ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ

ਹਾਲਾਂਕਿ ਇਹ ਘਟਨਾਕ੍ਰਮ ਇੱਥੇ ਨਹੀਂ ਰੁਕਿਆ।
ਅਕਾਲ ਤਖ਼ਤ ਸਾਹਿਬ ਵੱਲੋਂ 30 ਅਗਸਤ 2024 ਨੂੰ ਸੁਖਬੀਰ ਸਿੰਘ ਬਾਦਲ ਨੂੰ 2007 ਤੋਂ 2017 ਦੀ ਅਕਾਲੀ ਸਰਕਾਰ ਦੌਰਾਨ ਹੋਈਆਂ ਗਲਤੀਆਂ ਕਾਰਨ 'ਤਨਖ਼ਾਹੀਆ' ਕਰਾਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਪਾਰਟੀ ਅੰਦਰ ਉੱਠੀਆਂ ਬਾਗੀ ਸੁਰਾਂ ਅਤੇ ਅਕਾਲ ਤਖ਼ਤ ਦੇ ਫੈਸਲੇ ਦੇ ਮੱਦੇਨਜ਼ਰ ਉਨ੍ਹਾਂ ਨੇ 16 ਨਵੰਬਰ 2024 ਨੂੰ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ।
2 ਦਸੰਬਰ 2024 ਨੂੰ ਪੰਜ ਸਿੰਘ ਸਾਹਿਬਾਨਾਂ ਵੱਲੋਂ 2007 ਤੋਂ 2017 ਦੇ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਵਿਵਾਦਤ ਫ਼ੈਸਲਿਆਂ ਲਈ ਸੁਖਬੀਰ ਬਾਦਲ ਅਤੇ ਹੋਰ ਸਾਬਕਾ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਦਿੰਦਿਆਂ ਤਨਖ਼ਾਹ ਲਗਾਈ ਗਈ।
ਵੱਖ-ਵੱਖ ਧਾਰਮਿਕ ਸਜ਼ਾਵਾਂ ਦੇ ਨਾਲ ਅਕਾਲ ਤਖ਼ਤ ਸਾਹਿਬ ਤੋਂ ਸਾਰੇ ਅਕਾਲੀ ਆਗੂਆਂ ਨੂੰ ਇੱਕ ਸਾਂਝੇ ਮੰਚ ਹੇਠ ਇਕੱਠੇ ਹੋ ਕੇ ਚੱਲਣ ਲਈ ਵੀ ਕਿਹਾ ਗਿਆ ਸੀ।
ਅਕਾਲੀ ਦਲ ਦੇ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਉਣ ਵਾਲੇ ਇਨ੍ਹਾਂ ਪੰਜ ਸਿੰਘ ਸਹਿਬਾਨਾਂ ਵਿੱਚ ਇੱਕ ਗਿਆਨੀ ਹਰਪ੍ਰੀਤ ਸਿੰਘ ਵੀ ਸ਼ਾਮਲ ਸਨ, ਜੋ ਉਸ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਨ। ਜੋ ਬਾਅਦ ਵਿੱਚ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਬਣੇ।
ਬੀਬੀ ਜਗੀਰ ਕੌਰ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਬਾਗ਼ੀ ਧੜੇ ਦੇ ਆਗੂਆਂ ਨੂੰ ਵੀ ਆਪਣੇ ਪਿਛਲੇ ਸਿਆਸੀ ਕਾਰਜਕਾਲ ਦੌਰਾਨ ਹੋਈਆਂ ਗ਼ਲਤੀਆਂ ਲਈ ਤਨਖ਼ਾਹ ਭੁਗਤਣੀ ਪਈ।
ਦਸੰਬਰ 2024 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਉਣ ਦੇ ਨਾਲ-ਨਾਲ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰਨ ਦੇ ਨਿਰਦੇਸ਼ ਦਿੱਤੇ ਗਏ।
ਜਨਵਰੀ 2025 ਵਿੱਚ ਪਾਰਟੀ ਦੀ ਵਰਕਿੰਗ ਕਮੇਟੀ ਨੇ ਅਧਿਕਾਰਤ ਤੌਰ 'ਤੇ ਸੁਖਬੀਰ ਬਾਦਲ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਸੀ।
ਪਾਰਟੀ ਦੀ ਨਵੀਂ ਭਰਤੀ ਮੁਹਿੰਮ ਅਤੇ ਜਥੇਬੰਦਕ ਚੋਣਾਂ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 12 ਅਪ੍ਰੈਲ 2025 ਨੂੰ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ ਜਨਰਲ ਡੈਲੀਗੇਟ ਇਜਲਾਸ ਦੀ ਮੀਟਿੰਗ ਵਿੱਚ 524 ਡੈਲੀਗੇਟਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਮੁੜ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ।
ਅਕਾਲੀ ਦਲ ਪੁਨਰ ਸੁਰਜੀਤ ਦਾ ਜਨਮ

ਤਸਵੀਰ ਸਰੋਤ, Ravinder Singh Robin/BBC
ਇਸ ਪੂਰੇ ਵਿਵਾਦ ਅਤੇ ਅਕਾਲੀ ਦਲ ਦੀ ਅੰਦਰੂਨੀ ਖਿੱਚੋਤਾਣ ਵਿਚੋਂ ਇੱਕ ਨਵਾਂ ਸਿਆਸੀ ਧੜਾ ਉਭਰਿਆ।
ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਅਕਾਲੀ ਦਲ ਤੋਂ ਬਾਗੀ ਆਗੂਆਂ ਨੇ ਅਗਸਤ 2025 ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਗਠਨ ਕੀਤਾ ਸੀ।
ਇਸ ਧੜੇ ਦਾ ਮੁੱਖ ਦਾਅਵਾ ਸੀ ਕਿ ਨਵੇਂ ਦਲ ਦਾ ਮਕਸਦ ਹੈ ਕਿ ਰਵਾਇਤੀ ਪੰਥਕ ਸਿਆਸਤ ਨੂੰ ਮੁੜ ਮਜ਼ਬੂਤ ਕੀਤਾ ਜਾਵੇ ਅਤੇ ਅਕਾਲੀ ਦਲ ਨੂੰ ਉਸਦੇ ਪੁਰਾਣੇ ਸਿਧਾਂਤਾਂ ਵੱਲ ਵਾਪਸ ਲਿਆਂਦਾ ਜਾਵੇ।
ਪਰ ਦੋ ਸਾਲਾਂ ਬਾਅਦ ਕਹਾਣੀ ਮੁੜ ਬਦਲ ਗਈ ਅਤੇ ਨਵੰਬਰ 2026 ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਨੇ ਅਕਾਲੀ ਦਲ ਪੁਨਰ ਸੁਰਜੀਤ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ।
ਚੰਦੂਮਾਜਰਾ ਨੇ ਕਿਹਾ ਕਿ ਪੰਥਕ ਏਕਤਾ ਸਮੇਂ ਦੀ ਲੋੜ ਹੈ ਅਤੇ ਉਨ੍ਹਾਂ ਦੀ ਸੋਚ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਸੋਚ ਅਤੇ ਕਾਰਜਸ਼ੈਲੀ ਹੁਣ ਮੇਲ ਨਹੀਂ ਖਾਂਦੀ।
ਇਸ ਤੋਂ ਕੁਝ ਹੀ ਦਿਨ ਬਾਅਦ ਉਹ 7 ਨਵੰਬਰ ਨੂੰ ਪਟਿਆਲਾ ਵਿੱਚ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
ਵਾਪਸੀ ਵੇਲੇ ਚੰਦੂਮਾਜਰਾ ਨੇ ਇਸ ਫ਼ੈਸਲੇ ਨੂੰ ਪੰਥਕ ਏਕਤਾ ਨਾਲ ਜੋੜਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ 2024 ਦੇ ਹੁਕਮਨਾਮੇ ਦੀ ਭਾਵਨਾ ਅਨੁਸਾਰ ਕਾਂਗਰਸ ਅਤੇ 'ਆਪ' ਖ਼ਿਲਾਫ਼ ਪੰਥਕ ਏਕਤਾ ਜ਼ਰੂਰੀ ਹੈ।
ਇਸੇ ਤਰ੍ਹਾਂ ਬੀਬੀ ਜਗੀਰ ਕੌਰ 13 ਨਵੰਬਰ ਨੂੰ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਗੱਲ ਕਰਦਿਆਂ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਬਾਦਲ 'ਚ ਮੁੜ ਸ਼ਾਮਲ ਹੋਣ ਦਾ ਕਾਰਨ ਦੱਸਦਿਆਂ ਕਿਹਾ, "ਅਕਾਲੀ ਦਲ ਪੁਨਰ ਸੁਰਜੀਤ ਅਜੇ ਤੱਕ ਰਜਿਸਟਰ ਨਹੀਂ ਹੋ ਸਕਿਆ ਤੇ ਇੱਕ ਮਜਬੂਤ ਸਰਕਾਰ ਬਣਾਉਣ ਲਈ ਸਾਨੂੰ ਸੈਂਟਰ ਦੀ ਲੋੜ ਹੈ।"
ਬੀਬੀ ਜਗੀਰ ਕੌਰ ਦੇ ਇਨ੍ਹਾਂ ਬਿਆਨਾਂ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਉਹ ਉਸ ਪਾਰਟੀ ਵਿੱਚ ਜਾਣਾ ਚਾਹੁੰਦੇ ਹਨ ਜੋ ਲੋੜ ਪੈਣ 'ਤੇ ਕੇਂਦਰ ਦੀ ਸੱਤਾਧਾਰੀ ਪਾਰਟੀ ਭਾਜਪਾ ਨਾਲ ਗਠਜੋੜ ਵੀ ਕਰ ਕਰੇ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਆਸ਼ੂਤੋਸ਼ ਵੀ ਮੰਨਦੇ ਹਨ ਕਿ ਬੀਬੀ ਜਗੀਰ ਕੌਰ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਜੇਕਰ ਇਸ ਸਮੇਂ ਅਕਾਲੀ ਦਲ ਬਾਦਲ ਵਿੱਚ ਜਾਣ ਨੂੰ ਤਰਜੀਹ ਦਿੱਤੀ ਹੈ ਤਾਂ ਇਸਦਾ ਮੁੱਖ ਕਾਰਨ ਭਾਜਪਾ ਨਾਲ ਅਕਾਲੀ ਦਲ ਬਾਦਲ ਦਾ ਹੋਣ ਜਾ ਰਿਹਾ ਗਠਜੋੜ ਹੀ ਮੰਨਿਆ ਜਾ ਸਕਦਾ ਹੈ।
ਉਹ ਕਹਿੰਦੇ ਹਨ, "ਹਾਲਾਂਕਿ ਇਹ ਅਜੇ ਐਲਾਨ ਨਹੀਂ ਹੋਇਆ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਗਠਜੋੜ ਹੋ ਰਿਹਾ ਹੈ ਪਰ ਪੁਨਰ-ਸੁਰਜੀਤ ਦੇ ਮੁਕਾਬਲੇ ਅਕਾਲੀ ਦਲ ਬਾਦਲ ਦੇ ਭਾਜਪਾ ਨਾਲ ਗਠਜੋੜ ਕਰਨ ਦੇ ਮੌਕੇ ਜ਼ਿਆਦਾ ਦਿਖਾਈ ਦੇ ਰਹੇ ਹਨ। ਇਸ ਲਈ ਇਨ੍ਹਾਂ ਦੋਵੇਂ ਲੀਡਰਾਂ ਨੇ ਪੁਨਰ ਸੁਰਜੀਤ ਨੂੰ ਛੱਡ ਸੁਖਬੀਰ ਬਾਦਲ ਨਾਲ ਖੜ੍ਹਨਾ ਸਹੀ ਮੰਨਿਆ।"
"ਦੂਜਾ ਇਸਦਾ ਕਾਰਨ ਉਹ ਮੰਨਦੇ ਹਨ ਕਿ ਸੁਖਬੀਰ ਸਿੰਘ ਬਾਦਲ ਕੋਲ ਰਾਜਨੀਤਕ-ਆਰਥਿਕ ਸਰੋਤ ਜ਼ਿਆਦਾ ਹਨ, ਜੋ ਪੁਨਰ-ਸੁਰਜੀਤ ਕੋਲ ਨਹੀਂ ਹਨ, ਇਸ ਲਈ ਚੋਣਾਂ ਸਮੇਂ ਜਿਨ੍ਹਾਂ ਲੀਡਰਾਂ ਨੇ ਪਾਵਰ ਦੇਖੀ ਹੋਵੇ ਉਹ ਮੁੜ ਪਾਵਰ ਨਾਲ ਰਹਿਣਾ ਚਾਹੁੰਦੇ ਹਨ।"
"ਜਗੀਰ ਕੌਰ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਜਾਣ ਨਾਲ ਅਕਾਲੀ ਦਲ ਪੁਨਰ ਸੁਰਜੀਤ ਨੂੰ ਕੋਈ ਜ਼ਿਆਦਾ ਫਰਕ ਨਹੀਂ ਪਵੇਗਾ ਕਿਉਂਕਿ ਪੁਨਰ-ਸੁਰਜੀਤ ਜੇਕਰ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਗਠਜੋੜ ਕਰਨ ਵੱਲ ਵਧਦਾ ਹੈ ਤਾਂ ਉਨ੍ਹਾਂ ਦੇ ਮਜਬੂਤ ਹੋਣ ਦੇ ਜ਼ਿਆਦਾ ਮੌਕੇ ਹਨ"।
"ਪਰ ਨਾਲ ਹੀ ਉਹ ਇਹ ਵੀ ਮੰਨਦੇ ਹਨ ਕਿ ਇਨ੍ਹਾਂ ਲੀਡਰਾਂ ਦੇ ਅਕਾਲੀ ਦਲ ਬਾਦਲ ਵਿੱਚ ਜਾਣ ਨਾਲ ਅਕਾਲੀ ਦਲ ਮਜਬੂਤ ਹੋਵੇਗਾ ਇਹ ਨਹੀਂ ਕਿਹਾ ਜਾ ਸਕਦਾ, ਅਕਾਲੀ ਦਲ ਨੂੰ ਲੋਕਾਂ ਦਾ ਵਿਸ਼ਵਾਸ਼ ਜਿੱਤਣ ਲਈ ਮੁੱਦਿਆਂ ਦੀ ਲੜ੍ਹਾਈ ਲੜ੍ਹਨ ਦੀ ਲੋੜ ਹੈ ਤੇ ਪੁਰਾਣੇ ਲੀਡਰ ਖੋਹਿਆ ਹੋਇਆ ਵਿਸ਼ਵਾਸ ਮੁੜ ਪੈਦਾ ਨਹੀਂ ਕਰ ਸਕਦੇ।"

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਭਾਗ ਦੇ ਪ੍ਰੋਫੈਸਰ, ਡਾ. ਸਤਨਾਮ ਸਿੰਘ ਦਿਓਲ ਜਗੀਰ ਕੌਰ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਅਕਾਲੀ ਦਲ ਬਾਦਲ ਵਿੱਚ ਵਾਪਸ ਜਾਣ ਨੂੰ ਆਮ ਰਾਜਨੀਤਕ ਪ੍ਰਕਿਰਿਆ ਦਾ ਹਿੱਸਾ ਮੰਨਦੇ ਹਨ।
ਉਹ ਕਹਿੰਦੇ ਹਨ, "ਰਾਜਨੀਤੀ ਇੱਕ ਕਾਰੋਬਾਰ ਹੈ ਤੇ ਹਰ ਸਿਆਸੀ ਆਗੂ ਚੋਣਾਂ ਤੋਂ ਪਹਿਲਾਂ ਆਪਣੇ ਸਿਆਸੀ ਕਾਰੋਬਾਰ ਵਿੱਚ ਮੁਨਾਫ਼ਾ ਕਮਾਉਣ ਬਾਰੇ ਸੋਚਦਾ ਹੈ। ਜਦੋਂ ਇਹ ਆਗੂ ਅਕਾਲੀ ਦਲ ਤੋਂ ਵੱਖ ਹੋਏ ਸਨ ਉਸ ਸਮੇਂ ਇਨ੍ਹਾਂ ਨੂੰ ਲੱਗ ਰਿਹਾ ਸੀ ਕਿ ਲੋਕ ਜੋ ਅਕਾਲੀ ਦਲ ਤੇ ਸਵਾਲ ਚੁੱਕ ਰਹੇ ਹਨ ਵੱਖ ਹੋ ਕੇ ਅਸੀ ਉਨ੍ਹਾਂ ਸਵਾਲਾਂ ਤੋਂ ਬੱਚ ਸਕਦੇ ਹਾਂ ਤਾਂ ਉਸ ਸਮੇ ਉਨ੍ਹਾਂ ਨੇ ਆਪਣੇ-ਆਪ ਨੂੰ ਅਕਾਲੀ ਦਲ ਤੋਂ ਵੱਖ ਕਰ ਲਿਆ।"
"ਪਰ ਹੁਣ ਚੋਣਾਂ ਤੋਂ ਪਹਿਲਾਂ ਸਮੀਕਰਨ ਬਦਲ ਰਹੇ ਹਨ। ਕੇਂਦਰ ਦੀ ਸੱਤਾ ਵਾਲੀ ਪਾਰਟੀ ਅਕਾਲੀ ਦਲ ਨਾਲ ਗਠਜੋੜ ਦੀ ਰਣਨੀਤੀ ਬਣਾ ਰਹੀ ਹੈ ਤਾਂ ਇੱਕ ਮਜਬੂਤ ਪਾਰਟੀ 'ਚ ਵਾਪਸ ਜਾਣ 'ਚ ਇਨ੍ਹਾਂ ਲੀਡਰਾਂ ਨੂੰ ਫਾਇਦਾ ਹੀ ਹੈ ਕਿਉਂਕਿ ਪੁਨਰ ਸੁਰਜੀਤ ਅਜੇ ਵੀ ਚੋਣਾਂ 'ਚ ਜਿੱਤ ਹਾਸਲ ਕਰਨ ਤੋਂ ਬਹੁਤ ਦੂਰ ਹੈ।"
ਡਾ. ਸਤਨਾਮ ਸਿੰਘ ਦਿਓਲ ਇਹ ਵੀ ਮੰਨਦੇ ਹਨ, "ਭਾਵੇਂ ਇਹ ਲੀਡਰ ਜਿੱਤ ਸਕਣ ਜਾਂ ਨਾ ਪਰ ਇਹ ਅਕਾਲੀ ਦਲ ਬਾਦਲ ਨੂੰ ਮਜਬੂਤ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਕਿਉਂਕਿ ਆਪਣੇ ਇਲਾਕੇ ਵਿੱਚ ਚੰਗਾ ਸਿਆਸੀ ਅਧਾਰ ਰੱਖਣ ਵਾਲੇ ਆਗੂ ਹਨ।"
"ਇਨ੍ਹਾਂ ਦੇ ਵਾਪਸ ਆਉਣ ਨਾਲ ਇਹ ਸੰਦੇਸ਼ ਵੀ ਲੋਕਾਂ ਵਿੱਚ ਜਾਵੇਗਾ ਕਿ ਅਕਾਲੀ ਦਲ ਦੇ ਪੁਰਾਣੇ ਵੱਡੇ ਲੀਡਰ ਅੱਜ ਵੀ ਸੁਖਬੀਰ ਬਾਦਲ ਨਾਲ ਖੜ੍ਹੇ ਹਨ।"
"ਜੇਕਰ ਮੁੱਦਿਆਂ ਦੀ ਗੱਲ ਕਰੀਏ ਤਾਂ ਹੁਣ ਬੇਅਦਬੀ ਵਰਗੇ ਮੁੱਦੇ ਜਿਨ੍ਹਾਂ ਲਈ ਅਕਾਲੀ ਦਲ ਬਾਦਲ ਇਕੱਲਾ ਕਟਹਿਰੇ 'ਚ ਖੜ੍ਹਾ ਹੁੰਦਾ ਸੀ ਹੁਣ ਕਾਂਗਰਸ, ਆਮ ਆਦਮੀ ਪਾਰਟੀ ਤੋਂ ਵੀ ਬਰਾਬਰ ਸਵਾਲ ਹੁੰਦੇ ਹਨ। ਇਸ ਲਈ ਹੁਣ ਅਕਾਲੀ ਦਲ ਬਾਦਲ ਨਾਲ ਲੋਕਾਂ ਦਾ ਗੁੱਸਾ ਨਰਮ ਪੈ ਗਿਆ ਨਜ਼ਰ ਆਉਂਦਾ ਹੈ ਜਿਸ ਕਾਰਨ ਲੀਡਰ ਸੁਖਬੀਰ ਬਾਦਲ ਦੇ ਸੱਦੇ ਤੇ ਮੁੜ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਰਹੇ ਹਨ।"
ਡਾ. ਸਤਨਾਮ ਸਿੰਘ ਦਿਓਲ ਮੁਤਾਬਕ ਇੱਕ ਕਾਰਨ ਇਹ ਵੀ ਹੈ ਕਿ ਹੁਣ ਸੁਖਬੀਰ ਬਾਦਲ ਖੁਦ ਚੱਲ ਕੇ ਇਨ੍ਹਾਂ ਲੀਡਰਾਂ ਕੋਲ ਜਾ ਰਹੇ ਹਨ ਤਾਂ ਆਪਣਾ ਸਿਆਸੀ ਪ੍ਰਭਾਵ ਦਿਖਾਉਣ ਦਾ ਚੰਗਾ ਮੌਕਾ ਇਨ੍ਹਾਂ ਲੀਡਰਾਂ ਨੂੰ ਮਿਲ ਰਿਹਾ ਹੈ।
ਜੇਕਰ ਕੋਈ ਸ਼ਰਤ ਵੀ ਰੱਖਣੀ ਹੋਈ ਤਾਂ ਇਹ ਆਗੂ ਸੁਖਬੀਰ ਸਿੰਘ ਬਾਦਲ ਅੱਗੇ ਖੁੱਲ੍ਹ ਕੇ ਰੱਖ ਸਕਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































